ਪੀਯੂ ਕੈਂਪਸ ਵਿਦਿਆਰਥੀ ਚੋਣਾਂ ਲਈ ਦਲ ਬਦਲੀਆਂ ਸ਼ੁਰੂ
ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਲਈ ਦਲ ਬਦਲੀਆਂ ਦਾ ਮਾਹੌਲ ਸ਼ੁਰੂ ਹੋ ਚੁੱਕਾ ਹੈ। ਇਸ ਦੇ ਚੱਲਦਿਆਂ ਅੱਜ ਐੱਨਐੱਸਯੂਆਈ ਦੇ ਆਗੂ ਸ਼ਗਨਪ੍ਰੀਤ ਸਿੰਘ ਆਪਣੀ ਪਾਰਟੀ ਨੂੰ ਅਲਵਿਦਾ ਆਖ ਕੇ ਵਿਦਿਆਰਥੀ ਜਥੇਬੰਦੀ ਸੋਪੂ ਵਿੱਚ ਸ਼ਾਮਲ ਹੋ ਗਏ। ਸੋਪੂ ਆਗੂਆਂ ਵਿੱਚ ਪ੍ਰਧਾਨ ਬਲਰਾਜ ਸਿੱਧੂ ਅਤੇ ਸੈਕਟਰੀ ਜਨਰਲ ਕਰਨਵੀਰ ਸਿੰਘ ਕ੍ਰਾਂਤੀ ਨੇ ਸਟੂਡੈਂਟਸ ਸੈਂਟਰ ਵਿੱਚ ਇਕੱਠ ਕਰ ਕੇ ਸ਼ਗਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਦਿਆਰਥੀ ਭਲਾਈ ਤੇ ਯੂਨੀਵਰਸਿਟੀ ਦੀ ਤਰੱਕੀ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਗਨਪ੍ਰੀਤ ਸਿੰਘ ਨੇ ਸੋਪੂ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਤੋਂ ਇੱਕ ਅਜਿਹੀ ਵਿਦਿਆਰਥੀ ਪਾਰਟੀ ਨਾਲ ਜੁੜਨ ਦੀ ਇੱਛਾ ਰੱਖਦੇ ਸਨ ਜੋ ਵਿਦਿਆਰਥੀਆਂ ਵਿੱਚੋਂ ਉੱਠ ਕੇ ਉਨ੍ਹਾਂ ਲਈ ਕੰਮ ਕਰਦੀ ਹੋਵੇ। ਸੋਪੂ ਪਾਰਟੀ ਨੇ 1997 ਤੋਂ ਲੈ ਕੇ ਅੱਜ ਤੱਕ ਇੱਕ ਇਤਿਹਾਸਕ ਭੂਮਿਕਾ ਨਿਭਾਈ ਹੈ ਅਤੇ ਇਸ ਪਾਰਟੀ ਨੇ ਦੇਸ਼ ਅਤੇ ਪੰਜਾਬ ਨੂੰ ਕਈ ਅਫ਼ਸਰ ਅਤੇ ਰਾਜਨੀਤਕ ਲੀਡਰ ਦਿੱਤੇ ਹਨ।
ਸੋਪੂ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਯੂਨੀਵਰਸਿਟੀ ਵਿੱਚ ਅਜਿਹਾ ਮਾਹੌਲ ਬਣੇ ਜਿੱਥੋਂ ਪੜ੍ਹੇ-ਲਿਖੇ, ਜਵਾਬਦੇਹ ਅਤੇ ਦ੍ਰਿਸ਼ਟੀਵਾਨ ਲੀਡਰ ਨਿਕਲਣ, ਜੋ ਭਵਿੱਖ ਵਿੱਚ ਦੇਸ਼ ਦੀ ਅਗਵਾਈ ਕਰ ਸਕਣ।
ਸ਼ਗਨਪ੍ਰੀਤ ਸਿੰਘ ਦੇ ਸੋਪੂ ਵਿੱਚ ਸ਼ਾਮਲ ਹੋਣ ਦੇ ਐਲਾਨ ਤੋਂ ਬਾਅਦ ਜਥੇਬੰਦੀ ਵੱਲੋਂ ਯੂਨੀਵਰਸਿਟੀ ਦੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਗਿਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਲਈ ਅਰਦਾਸ ਕੀਤੀ।