ਚੀਮਾ ਨੂੰ ਪਾਰਟੀ ਵਿੱਚੋਂ ਕੱਢਣ ਦਾ ਫ਼ੈਸਲਾ ਸਹੀ ਕਰਾਰ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਟਾ ਅਤੇ ਜ਼ਿਲ੍ਹਾ ਜਥੇਦਾਰ ਸ਼ਰਨਜੀਤ ਸਿੰਘ ਚਨਾਰਥਲ ਨੇ ਇਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਵਿੱਚੋ ਕੱਢਣ ਦੇ ਫ਼ੈਸਲੇ ਨੂੰ ਸਹੀ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਚੀਮਾ ਭਾਜਪਾ ਅਤੇ ਆਰਐੱਸਐੱਸ ਨਾਲ ਸੰਪਰਕ ਵਿਚ ਸੀ। ਪਿਛਲੇ ਸਮੇਂ ਬੀਸੀ ਵਿੰਗ ਦੇ ਪ੍ਰਧਾਨ ਮਲਕੀਤ ਸਿੰਘ ਮਠਾੜੂ ’ਤੇ ਹੋਏ ਹਮਲੇ ਲਈ ਵੀ ਚੀਮਾ ਖਿਲਾਫ਼ ਦੋਸ਼ ਲੱਗੇ ਅਤੇ ਕੇਸ ਵੀ ਦਰਜ ਹੋਇਆ। ਸ੍ਰੀ ਭੁੱਟਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਮਗਰੋਂ ਅਕਾਲੀ ਦਲ ਨੇ ਭਾਜਪਾ ਨਾਲ ਸਾਰੇ ਰਿਸ਼ਤੇ ਤੋੜ ਲਏ ਸਨ। ਉਨ੍ਹਾਂ ਕਿਹਾ ਕਿ ਸ੍ਰੀ ਚੀਮਾ ਇੱਕ ਪਾਸੇ ਅਸਤੀਫਾ ਦੇਣ ਦੀ ਗਲ ਕਰਦਾ ਹੈ ਜਦੋ ਕਿ ਦੂਸਰੇ ਪਾਸੇ ਮੀਡੀਆ ਵਿਚ ਸ਼ਿਕਵਾ ਕਰਦਾ ਹੈ ਕਿ ਉਸ ਨੂੰ ਕੱਢਿਆ ਗਿਆ, ਇਹ ਦੋਹਰੀ ਨੀਤੀ ਉਸ ਦੇ ਇਰਾਦਿਆਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸ੍ਰੀ ਚੀਮਾ ਦਾ ਸਤਿਕਾਰ ਕੀਤਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਸਰਹਿੰਦ, ਮਨਜੀਤ ਸਿੰਘ ਮਾਨ ਖਾਨਪੁਰ, ਹਰਪ੍ਰੀਤ ਸਿੰਘ ਤਲਾਣੀਆਂ, ਬਲਰਾਜ ਸਿੰਘ ਮਾਨ ਸਰਹਿੰਦ ਅਤੇ ਲਖਮੀਰ ਸਿੰਘ ਹਾਜ਼ਰ ਸਨ।