ਮੀਂਹ ਦੌਰਾਨ ਡੀਸੀ ਵੱਲੋਂ ਅੰਬਾਲਾ ਸ਼ਹਿਰ ਦੀਆਂ ਡਰੇਨਾਂ ਦਾ ਜਾਇਜ਼ਾ
ਲਗਾਤਾਰ ਪੈ ਰਹੇ ਮੀਂਹ ਦੌਰਾਨ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਅੱਜ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਵੱਖ-ਵੱਖ ਹਿਸਿਆਂ ਦਾ ਮੁਆਇਨਾ ਕੀਤਾ। ਉਨ੍ਹਾਂ ਘੱਗਰ ਡਰੇਨ, ਅੰਬਾਲਾ ਡਰੇਨ ਤੇ ਹੋਰ ਡਰੇਨਾਂ ਦਾ ਜਾਇਜ਼ਾ ਲੈਂਦਿਆ ਪਾਣੀ ਦੇ ਪੱਧਰ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਦੋ ਦਿਨ ਲਈ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ, ਪਰ ਇਸ ਸਮੇਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਅਤੇ ਡਰੇਨਾਂ ਵਿੱਚ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਜਾਰੀ ਹੈ।
ਸ਼ਹਿਰ ਦੇ ਕੱਪੜਾ ਮਾਰਕੀਟ ਤੇ ਨਦੀ ਮੁਹੱਲੇ ਵਿੱਚ ਪਾਣੀ ਭਰਿਆ ਹੋਇਆ ਹੈ, ਜਿਸ ਦੀ ਨਿਕਾਸੀ ਲਈ ਨਗਰ ਨਿਗਮ ਅਤੇ ਜਨ ਸਿਹਤ ਵਿਭਾਗ ਦੇ ਪੰਪ ਲਗਾਤਾਰ ਚੱਲ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਪੰਪ ਤੇ ਹੋਰ ਸਾਜ਼ੋ-ਸਾਮਾਨ ਸਹੀ ਹਾਲਤ ਵਿੱਚ ਰਹਿਣ ਤਾਂ ਜੋ ਕਿਸੇ ਵੀ ਸੰਕਟ ਦੀ ਸਥਿਤੀ ’ਚ ਫੌਰੀ ਕਾਰਵਾਈ ਹੋ ਸਕੇ।
ਇਸ ਦੌਰਾਨ ਉਨ੍ਹਾਂ ਨੇ ਬਨੂੜੀ ਨਾਕਾ, ਸੈਕਟਰ-9/10 ਟੀਪੀਐੱਸ, ਨਸੀਰਪੁਰ ਤੇ ਇਨਕੋ ਨੇੜੇ ਚੱਲ ਰਹੇ ਬਰਸਾਤੀ ਪਾਣੀ ਡਿਸਪੋਜ਼ਲ ਕੰਮਾਂ ਦੀ ਵੀ ਜਾਂਚ ਕੀਤੀ। ਸਿੰਚਾਈ ਵਿਭਾਗ ਅਨੁਸਾਰ ਘੱਗਰ ਡਰੇਨ ਦਾ ਖਤਰੇ ਦਾ ਨਿਸ਼ਾਨ 20 ਹਜ਼ਾਰ ਕਿਊਸਿਕ ਹੈ, ਜਦਕਿ ਮੌਜੂਦਾ ਪੱਧਰ ਇਸ ਤੋਂ ਹੇਠਾਂ ਹੈ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਚੌਕਸੀ ਨਾਲ ਫੀਲਡ ‘ਚ ਤੈਨਾਤ ਰਹਿਣ ਦੇ ਨਿਰਦੇਸ਼ ਦਿੱਤੇ।