ਡੀਸੀ ਵੱਲੋਂ ਹਲਦੀ ਰੋਗ ਨਾਲ ਨੁਕਸਾਨੇ ਝੋਨੇ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ ਮੋਰਿੰਡਾ ਸਬ ਡਿਵੀਜ਼ਨ ਦੇ ਪਿੰਡ ਢੰਗਰਾਲੀ ਵਿੱਚ ਝੋਨੇ ਦੀ ਝੂਠੀ ਕਾਂਗਿਆਰੀ (ਹਲਦੀ ਰੋਗ) ਨਾਲ ਪ੍ਰਭਾਵਿਤ ਖੇਤਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਰੋਗ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕ ਡੀਸੀ ਨੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਸੁਖਪਾਲ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਖੇਤੀ ਵਿਭਾਗ ਦੇ ਮਾਹਿਰਾਂ ਨਾਲ ਮਿਲ ਕੇ ਟੀਮ ਬਣਾਈ ਜਾਵੇ ਅਤੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਖੇਤੀ ਮਾਹਿਰ ਡਾ. ਇਕਬਾਲਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਮੋਰਿੰਡਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਫਸਲ ਦੀ ਵਾਢੀ ਧੁੱਪ ਵਾਲੇ ਸਮੇਂ ਵਿੱਚ ਕਰਨ, ਤਾਂ ਜੋ ਰੋਗ ਨਾਲ ਪ੍ਰਭਾਵਿਤ ਡੋਡੀਆ ਪਾਊਡਰ ਰੂਪ ਵਿੱਚ ਸੁੱਕ ਕੇ ਖਤਮ ਹੋ ਜਾਣ। ਉਨ੍ਹਾਂ ਮੰਡੀ ਵਿੱਚ ਪ੍ਰਭਾਵਿਤ ਢੇਰੀਆਂ ਨੂੰ ਵੱਖਰਾ ਰੱਖਣ ਅਤੇ ਤੇਜ਼ ਪੱਖੇ ਨਾਲ ਸਾਫ ਕਰਨ ਲਈ ਕਿਹਾ। ਇਸ ਮੌਕੇ ਖੇਤੀਬਾੜੀ ਉਪ ਨਿਰੀਖਕ ਪਵਿੱਤਰ ਸਿੰਘ, ਸਰਪੰਚ ਤੇ ਕਈ ਕਿਸਾਨ ਮੌਜੂਦ ਸਨ।