ਡੀਏਵੀ ਸਕੂਲ ਵੱਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਕੁਰਾਲੀ: ਸੀਬੀਐੱਸਸੀ ਵੱਲੋਂ ਐਲਾਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਵਿੱਚ ਅੱਵਲ ਰਹਿਣ ਵਾਲੇ ਸਥਾਨਕ ਡੀਏਵੀ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਆ ਗਿਆ। ਪ੍ਰਿੰਸੀਪਲ ਜੇਆਰ ਸ਼ਰਮਾ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ਵਿੱਚ ਵੰਸ਼ ਵਰਮਾ ਅਤੇ ਹਰਸ਼ ਨੇ 92 ਫ਼ੀਸਦ, ਪਾਰਸ ਵਰਮਾ ਅਤੇ ਮੁਸਕਾਨ ਸ਼ਰਮਾ ਨੇ 90 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ ਜਦੋਂਕਿ ਰਾਜਨ ਵਰਮਾ ਅਤੇ ਅਨੁਸ਼ਕਾ ਗੁਪਤਾ ਨੇ 89 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸੇ ਦੌਰਾਨ 12ਵੀਂ ਦੀ ਪ੍ਰੀਖਿਆ ਦੀ ਆਰਟਸ ਸਟਰੀਮ ਵਿੱਚ ਅੰਸ਼ ਸ਼ਰਮਾ ਨੇ 96.2 ਫ਼ੀਸਦ, ਹਰਲੀਨ ਕੌਰ ਨੇ 88.4, ਗੁਰਸ਼ਾਨ ਸਿੰਘ ਨੇ 83.2 ਫ਼ੀਸਦੀ ਅੰਕ ਪ੍ਰਾਪਤ ਕੀਤੇ। ਕਾਮਰਸ ਵਿੱਚ ਚੰਦਨ ਵਰਮਾ ਨੇ 92.4, ਚਿਰਾਗ ਨੇ 88.2 ਅਤੇ ਪ੍ਰਾਚੀ ਨੇ 85 ਫ਼ੀਸਦ ਅੰਕ ਪ੍ਰਾਪਤ ਕੀਤੇ ਜਦਕਿ ਕਿ ਮੈਡੀਕਲ ਸਟਰੀਮ ਵਿੱਚ ਸਿਧਾਂਤ ਨੇ 79, ਅਸ਼ਨੀਤ ਨੇ 77 ਅਤੇ ਅੰਸ਼ ਨੇ 76 ਫ਼ੀਸਦੀ ਅੰਕ ਪ੍ਰਾਪਤ ਕੀਤੇ। ਚੇਅਰਮੈਨ ਪੰਕਜ ਗੋਇਲ, ਮੈਨੇਜਰ ਬਿੱਟੂ ਖੁੱਲਰ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
ਮੈਡੀਕਲ ’ਚ ਸਹਿਜ ਦੇ 96.4 ਫ਼ੀਸਦੀ
ਚੰਡੀਗੜ੍ਹ: ਮਿਲੇਨੀਅਮ ਸਕੂਲ ਦੀ ਸਹਿਜ ਕੌਰ ਦੇ ਬਾਰ੍ਹਵੀਂ ਮੈਡੀਕਲ ਸਟਰੀਮ ਵਿੱਚ 96.4 ਫ਼ੀਸਦੀ ਅੰਕ ਆਏ ਹਨ। ਉਸ ਦੇ ਪਿਤਾ ਜਗਦੀਪ ਸਿੰਘ ਬੀਐੱਸਐੱਨਐੱਲ ਵਿੱਚ ਐੱਸਡੀਓ ਵਜੋਂ ਤੇ ਮਾਤਾ ਜਗਬੀਰ ਕੌਰ ਚੰਡੀਗੜ੍ਹ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਵਜੋਂ ਤਾਇਨਾਤ ਹਨ। ਸਹਿਜ ਕੌਰ ਨੇ ਦੱਸਿਆ ਕਿ ਉਸ ਦਾ ਪ੍ਰੇਰਨਾ ਸਰੋਤ ਉਸ ਤੇ ਮਾਪੇ ਤੇ ਅਧਿਆਪਕ ਹਨ ਤੇ ਉਸ ਨੇ ਇਕਾਗਰਚਿਤ ਹੋ ਕੇ ਪੜ੍ਹਾਈ ਕੀਤੀ। ਸਹਿਜ ਦੇ ਦਸਵੀਂ ਜਮਾਤ ਵਿਚ ਵੀ 99.6 ਫ਼ੀਸਦੀ ਅੰਕ ਆਏ ਸਨ। -ਟਨਸ
ਕਾਮਰਸ ’ਚ ਲਵਲੀਨ ਦੇ 95.4 ਫ਼ੀਸਦੀ ਅੰਕ
ਚੰਡੀਗੜ੍ਹ: ਇਥੋਂ ਦੇ ਮਾਊਂਟ ਕਾਰਮਲ ਸਕੂਲ ਸੈਕਟਰ-47 ਦੀ ਵਿਦਿਆਰਥਣ ਲਵਲੀਨ ਕੌਰ ਪੁੱਤਰੀ ਚਰਨਜੀਤ ਸਿੰਘ ਦੇ ਕਾਮਰਸ ਵਿੱਚ 95.4 ਫ਼ੀਸਦੀ ਅੰਕ ਆਏ ਹਨ ਤੇ ਉਸ ਨੇ ਸਕੂਲ ਵਿੱਚੋਂ ਟੌਪ ਕੀਤਾ ਹੈ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਤੇ ਅਧਿਆਪਕਾਂ ਨੂੰ ਦਿੰਦਿਆਂ ਦੱਸਿਆ ਕਿ ਉਸ ਨੇ ਸਾਰਾ ਸਿਲੇਬਸ ਕਵਰ ਕਰਦਿਆਂ ਨਿਯਮਤ ਪੜ੍ਹਾਈ ਕੀਤੀ। -ਟਨਸ
ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਵਧਾਈ
ਚਮਕੌਰ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਮਕੌਰ ਸਾਹਿਬ ਦਾ ਸੀਬੀਐੱਸਈ ਦਸਵੀਂ ਦਾ ਨਤੀਜਾ ਸੌ ਫ਼ੀਸਦ ਰਿਹਾ। ਵਿਦਿਆਰਥਣ ਜੈਸਮੀਨ ਕੌਰ ਨੇ 92 ਫ਼ੀਸਦ, ਗੁਰਸਿਮਨ ਕੌਰ ਲੁਠੇੜੀ ਨੇ 91.6 ਤੇ ਰਮਜੋਤ ਪਿੰਡ ਸਲੇਮਪੁਰ ਨੇ 86 ਫ਼ੀਸਦ ਅੰਕਾਂ ਨਾਲ ਕ੍ਰਮਵਾਰ ਪਹਿਲੇ ਤਿੰਨ ਸਥਾਨ ਲਏ ਹਨ। ਸਕੂਲ ਦੇ ਡਾਇਰੈਕਟਰ ਮਨਜਿੰਦਰ ਸਿੰਘ ਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਅਵਤਾਰ ਸਿੰਘ, ਰਜਿੰਦਰ ਸਿੰਘ, ਸੁਰਿੰਦਰਪਾਲ ਸਿੰਘ ਅਤੇ ਨਿਧੀ ਸ਼ਰਮਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਅਵਨੀਤ ਸਿੰਘ ਹਾਸਲ ਕੀਤੇ 98.2 ਫ਼ੀਸਦੀ ਅੰਕ
ਨੂਰਪੁਰ ਬੇਦੀ: ਸੀਬੀਐੱਸਈ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਮਧੂਵਨ ਵਾਟਿਕਾ ਸਕੂਲ ਦੇ ਵਿਦਿਆਰਥੀ ਅਵਨੀਤ ਸਿੰਘ ਨੇ 98.2 ਫ਼ੀਸਦੀ ਅੰਕਾਂ ਨਾਲ ਪਹਿਲਾ, ਸੁਬਪ੍ਰੀਤ ਸਿੰਘ ਨੇ 97.6 ਫ਼ੀਸਦੀ ਨਾਲ ਦੂਜਾ ਤੇ ਹਰਜੋਤ ਕੌਰ ਨੇ 96.6 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਰੋਜੀ ਮਹਿਤਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਦੀਪਿਕਾ ਪੁਰੀ, ਸੁਰੇਖਾ ਰਾਣਾ, ਅਵਿਨਾਸ਼ ਕੁਮਾਰ, ਮਾਸਟਰ ਭੋਲਾ ਸ਼ੰਕਰ, ਜੋਤੀ ਰਾਣਾ, ਸੁਲੇਖਾ ਧੀਮਾਨ, ਰੀਨਾ ਕੁਮਾਰੀ ਨੇ ਵਿਦਿਆਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। -ਪੱਤਰ ਪ੍ਰੇਰਕ
ਕੰਗ ਨੇ ਤਿੰਨ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਮੁੱਲਾਂਪੁਰ ਗਰੀਬਦਾਸ: ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਹਲਕਾ ਖਰੜ ਦੇ ਪਿੰਡਾਂ ਮਸੌਲ, ਟਾਂਡੀ, ਕਾਨ੍ਹੇ ਕਾ ਬਾੜਾ ਆਦਿ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਲੋਕਾਂ ਨੇ ਸ੍ਰੀ ਕੰਗ ਨੂੰ ਕਿਹਾ ਕਿ ਪਿੰਡ ਮਸੌਲ ਵਿੱਚ ਪ੍ਰਾਇਮਰੀ ਤੱਕ ਸਕੂਲ ਹੋਣ ਕਰ ਕੇ ਪਿੰਡ ਦੀਆਂ ਕੁੜੀਆਂ ਨੂੰ ਅਗਲੀ ਪੜ੍ਹਾਈ ਲਈ ਕਰੀਬ 10 ਕਿਲੋਮੀਟਰ ਦੂਰ ਨਵਾਂ ਗਰਾਉਂ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਸੋਲ ਵਿੱਚ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਹੈ। ਉਨ੍ਹਾਂ ਬਿਜਲੀ ਅਤੇ ਸੜਕਾਂ ਦੀਆਂ ਸਮੱਸਿਆਵਾਂ ਵੀ ਦੱਸੀਆਂ। ਉਨ੍ਹਾਂ ਦੱਸਿਆ ਕਿ ‘ਆਪ’ ਸਰਕਾਰ ਨੇ ਉਨ੍ਹਾਂ ਦੇ ਪਿੰਡ ਨੂੰ ਹੁਣ ਤੱਕ ਗ੍ਰਾਂਟ ਨਹੀਂ ਦਿੱਤੀ। ਸ੍ਰੀ ਕੰਗ ਨੇ ਲੋਕਾਂ ਨੂੰ ਸਮੱਸਿਆਵਾਂ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਕੌਂਸਲਰ ਅਵਤਾਰ ਸਿੰਘ ਤਾਰੀ, ਦਲਬੀਰ ਸਿੰਘ ਪੱਪੀ, ਕੌਂਸਲਰ ਰਵਿੰਦਰ ਸਿੰਘ ਰਵੀ, ਸਰਪੰਚ ਬਿੰਦਰ ਸਿੰਘ ਮਸੋਲ ਆਦਿ ਹਾਜ਼ਰ ਸਨ। -ਪੱਤਰ ਪੇ੍ਰਕ
ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ’ਚ ਸਮਾਗਮ
ਫ਼ਤਹਿਗੜ੍ਹ ਸਾਹਿਬ: ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵਿੱਚ ਸਕੂਲ ਦੇ 40ਵੇਂ ਸਥਾਪਨਾ ਦਿਵਸ, ਸਰਹਿੰਦ ਫ਼ਤਹਿ ਦਿਵਸ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਸਬੰਧ ’ਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਵਾਰਾਂ, ਸ਼ਬਦ ਗਾਇਨ ਅਤੇ ਕਵਿਤਾ ਗਾਇਨ ਕੀਤਾ। ਸਕੂਲ ਟਰੱਸਟ ਦੇ ਪ੍ਰਧਾਨ ਅਮਰ ਇੰਦਰ ਸਿੰਘ ਲਿਬੜਾ, ਸਕੂਲ ਟਰੱਸਟ ਦੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਸਰਹਿੰਦ ਫ਼ਤਹਿ ਦਿਵਸ ਬਾਰੇ ਦੱਸਿਆ। ਪ੍ਰਿੰਸੀਪਲ ਅਰਸ਼ਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਧਰਮ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਟਰੱਸਟ ਦੇ ਸੀਨੀਅਰ ਮੈਂਬਰ ਪ੍ਰਿੰਸੀਪਲ ਪ੍ਰੋ. ਰਜਿੰਦਰਜੀਤ ਸਿੰਘ ਬਾਜਵਾ, ਪ੍ਰਿੰਸੀਪਲ ਗੁਰਦੀਪ ਸਿੰਘ, ਅਮਰਜੀਤ ਸਿੰਘ ਅਤੇ ਹਰਵਿੰਦਰ ਕੌਰ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ