ਜਿਨਸੀ ਸੋਸ਼ਣ ਮਾਮਲੇ ’ਚ ਡੀਏਵੀ ਕਾਲਜ ਦਾ ਅਸਿਸਟੈਂਟ ਪ੍ਰੋਫੈਸਰ ਬਰਖਾਸਤ
ਇੱਥੋਂ ਦੇ ਡੀਏਵੀ ਕਾਲਜ ਸੈਕਟਰ 10 ਵਿਚ ਇਕ ਅਸਿਸਟੈਂਟ ਪ੍ਰੋਫੈਸਰ ਨੂੰ ਜਿਨਸੀ ਸੋਸ਼ਣ ਦੇ ਮਾਮਲੇ ਵਿਚ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਫੈਸਲਾ ਗਵਰਨਿੰਗ ਬਾਡੀ ਦੀ ਮੀਟਿੰਗ ਵਿਚ ਲਿਆ ਗਿਆ ਜਿਸ ਦੀ ਪੁਸ਼ਟੀ ਕਾਲਜ ਦੇ ਸੀਨੀਅਰ ਅਧਿਕਾਰੀਆਂ ਨੇ ਕੀਤੀ ਹੈ। ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਕਾਲਜ ਮੈਨੇਜਮੈਂਟ ਵਿਦਿਆਰਥਣਾਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਇਹ ਕਾਰਵਾਈ ਵਿਦਿਆਰਣਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਕੀਤੀ ਗਈ। ਇਸ ਅਸਿਸਟੈਂਟ ਪ੍ਰੋਫੈਸਰ ਦੇ ਸਾਰੇ ਵਿੱਤੀ ਲਾਭ ਵੀ ਰੋਕ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਡੀਏਵੀ ਕਾਲਜ ਗਵਰਨਿੰਗ ਬਾਡੀ ਦੀ ਮੀਟਿੰਗ ਬੀਤੇ ਦਿਨ 23 ਸਤੰਬਰ ਨੂੰ ਹੋਈ ਜਿਸ ਵਿਚ ਡੀਏਵੀ ਕਾਲਜ ਸੈਕਟਰ 10 ਦੀ ਇੰਟਰਨਲ ਕੰਪਲੇਂਟਸ ਕਮੇਟੀ ਤੇ ਇਕ ਹੋਰ ਸੋਲ ਹੀਅਰਿੰਗ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਇਸ ਅਸਿਸਟੈਂਟ ਪ੍ਰੋਫੈਸਰ ’ਤੇ ਦੋਸ਼ ਸਿੱਧ ਹੋਏ ਕਿ ਉਹ ਰਾਤ ਵੇਲੇ ਲੜਕੀਆਂ ਨੂੰ ਸੰਦੇਸ਼ ਭੇਜਦਾ ਸੀ ਤੇ ਮਿਲਣ ਲਈ ਦਬਾਅ ਪਾਉਂਦਾ ਸੀ।
ਜ਼ਿਕਰਯੋਗ ਹੈ ਕਿ ਦੋ ਦਰਜਨ ਦੇ ਕਰੀਬ ਵਿਦਿਆਰਥਣਾਂ ਜਾਂਚ ਕਮੇਟੀ ਸਾਹਮਣੇ ਪੇਸ਼ ਹੋਈਆਂ ਸਨ। ਪੀੜਤ ਲੜਕੀਆਂ ਨੇ ਦੱਸਿਆ ਸੀ ਕਿ ਉਕਤ ਪ੍ਰੋਫੈਸਰ ਅਕਸਰ ਦੇਰ ਰਾਤ ਵਟਸ ਐਪ ’ਤੇ ਸੰਦੇਸ਼ ਭੇਜਦਾ ਸੀ। ਦੋ ਲੜਕੀਆਂ ਨੇ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਉਕਤ ਪ੍ਰੋਫੈਸਰ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਦੀ ਚੋਣ ਅਗਲੇ ਐੱਨਐੱਸਐੱਸ ਕੈਂਪ ਵਿਚ ਨਾ ਹੋਈ। ਇਕ ਲੜਕੀ ਨੇ ਇਹ ਵੀ ਕਿਹਾ ਕਿ ਉਸ ਨੇ ਜਦੋਂ ਰਾਤ ਦੇ ਸੰਦੇਸ਼ ’ਤੇ ਇਤਰਾਜ਼ ਕੀਤਾ ਤਾਂ ਅਗਲੇ ਦਿਨ ਉਕਤ ਪ੍ਰੋਫੈਸਰ ਨੇ ਉਸ ਨਾਲ ਦੁਰਵਿਹਾਰ ਕੀਤਾ। ਦੱਸਣਾ ਬਣਦਾ ਹੈ ਕਿ ਇਹ ਪ੍ਰੋਫੈਸਰ ਇਕ ਯੂਨੀਅਨ ਦਾ ਮੋਹਰੀ ਨੁਮਾਇੰਦਾ ਵੀ ਹੈ।