ਸ਼ਹੀਦੀ ਸਮਾਗਮਾਂ ’ਤੇ ਨੱਚਣਾ-ਗਾਉਣਾ ਗਲਤ: ਭਾਈ ਚਾਵਲਾ
ਜੰਮੂ ਕਸ਼ਮੀਰ ਵਿਖੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਪ੍ਰੋਗਰਾਮ ਬਾਰੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਤਜਰਬੇ ਤੋਂ ਰਹਿਤ ਇਹ ਸਰਕਾਰ ਮਰਿਆਦਾ ਦਾ ਘਾਣ ਕਰ ਰਹੀ ਹੈ। ਭਾਈ ਚਾਵਲਾ ਨੇ ਕਿਹਾ ਕਿ ਮੁੱਖ ਮੰਤਰੀ ਤੇ ਹੋਰ ਮੰਤਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨਾਲ ਜਾਣ ਬੁਝ ਕੇ ਵਿਵਾਦ ਖੜ੍ਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਰਨ ਵਾਲੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਹਨ ਤੇ ਧਰਮ ਦੇ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਖੇਤਰ ਅਧੀਨ ਆਉਂਦੇ ਹਨ ਤੇ ਉਸ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਦਖਲਅੰਦਾਜ਼ੀ ਕੀਤੀ ਗਈ ਤਾਂ ਉਸ ਦਾ ਨਤੀਜਾ ਅੱਜ ਦੇਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਸ਼ਹੀਦੀ ਸਮਾਗਮਾਂ ਮੌਕੇ ਪੰਜਾਬੀ ਗਾਇਕ ਬੀਰ ਸਿੰਘ ਦੇ ਗੀਤਾਂ ’ਤੇ ਨਾਚ ਗਾਣਾ ਕਰਵਾਇਆ ਗਿਆ ਜਿਸ ਦੀ ਸਾਰੇ ਪਾਸਿਓਂ ਨਿੰਦਾ ਹੋ ਰਹੀ ਹੈ ਤੇ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਭਾਈ ਚਾਵਲਾ ਨੇ ਕਿਹਾ ਕਿ ਬੇਸ਼ੱਕ ਇਸ ਮਾਮਲੇ ’ਤੇ ਗਾਇਕ ਬੀਰ ਸਿੰਘ ਵੱਲੋਂ ਮੁਆਫੀ ਮੰਗ ਲਈ ਗਈ ਹੈ ਪ੍ਰੰਤੂ ਸਰਕਾਰ ਨੂੰ ਵੀ ਇਸ ਕੀਤੇ ਗਏ ਬਜਰ ਅਪਰਾਧ ਲਈ ਗਲਤੀ ਮੰਨਣੀ ਚਾਹੀਦੀ ਹੈ।