ਮੇਜਰ ਧਿਆਨਚੰਦ ਦੀ ਜੈਯੰਤੀ ਮੌਕੇ ਸਾਈਕਲੋਥੋਨ
200 ਤੋਂ ਵੱਧ ਬੱਚਿਅਾ ਨੇ ਹਿੱਸਾ ਲਿਅਾ
Advertisement
ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੀ ਜੈਯੰਤੀ ਮੌਕੇ ਖੇਡ ਵਿਭਾਗ ਵੱਲੋਂ ਵਾਰ ਹੀਰੋਜ਼ ਸਟੇਡੀਅਮ, ਅੰਬਾਲਾ ਛਾਉਣੀ ਨੇੜੇ ਸਾਈਕਲੋਥੋਨ ਕਰਵਾਈ ਗਈ। ਮੁੱਖ ਮਹਿਮਾਨ ਵਜੋਂ ਐੱਸਡੀਐੱਮ ਵਿਨੇਸ਼ ਕੁਮਾਰ ਨੇ ਸ਼ਿਰਕਤ ਕੀਤੀ ਅਤੇ ਧਿਆਨਚੰਦ ਜੀ ਦੀ ਪ੍ਰਤਿਮਾ ’ਤੇ ਪੁਸ਼ਪ ਅਰਪਣ ਕਰਕੇ ਨਮਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਹਰੀ ਝੰਡੀ ਦਿਖਾ ਕੇ ਸਾਈਕਲੋਥਾਨ ਨੂੰ ਰਵਾਨਾ ਕੀਤਾ।
ਸਾਈਕਲੋਥਾਨ ਵਾਰ ਹੀਰੋਜ਼ ਸਟੇਡੀਅਮ ਤੋਂ ਸ਼ੁਰੂ ਹੋ ਕੇ ਵਿਜੈ ਰਤਨ ਚੌਕ, ਗ੍ਰੇਸ ਹੋਟਲ, ਗੀਤਾ ਗੋਪਾਲ ਚੌਕ, ਜਗਾਧਰੀ ਰੋਡ, ਜਨਤਾ ਸਵੀਟਸ, ਅਗਰਸੈਨ ਦਰਵਾਜ਼ੇ ਰਾਹੀਂ ਹੁੰਦੀ ਹੋਈ ਮੁੜ ਸਟੇਡੀਅਮ ’ਚ ਸਮਾਪਤ ਹੋਈ। 200 ਤੋਂ ਵੱਧ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ।
Advertisement
ਐੱਸਡੀਐੱਮ ਨੇ ਖਿਡਾਰੀਆਂ ਨੂੰ ਸੌਂਹ ਚੁਕਾਈ ਕਿ ਉਹ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਨਸ਼ਿਆਂ ਵਰਗੀ ਲਾਹਣਤ ਤੋਂ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਮੇਜਰ ਧਿਆਨਚੰਦ ਨੇ 1936 ਦੇ ਬਰਲਿਨ ਓਲੰਪਿਕ ਵਿੱਚ ਕਪਤਾਨ ਵਜੋਂ ਭਾਰਤ ਦਾ ਮਾਣ ਵਧਾਇਆ ਸੀ।
ਜ਼ਿਲ੍ਹਾ ਖੇਡ ਅਧਿਕਾਰੀ ਰਾਜਬੀਰ ਰੰਗਾ ਨੇ ਦੱਸਿਆ ਕਿ ਧਿਆਨਚੰਦ ਜੀ ਦੀ ਜੈਯੰਤੀ ਨੂੰ ਖੇਡ ਵਿਭਾਗ ਵੱਲੋਂ ਰਾਜ ਭਰ ਵਿੱਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। 29 ਤੋਂ 31 ਅਗਸਤ ਤੱਕ ਅੰਬਾਲਾ ਵਿੱਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਰਾਜੀਵ ਗਾਂਧੀ ਖੇਡ ਸਟੇਡੀਅਮ, ਅੰਬਾਲਾ ਸ਼ਹਿਰ ਵਿੱਚ ਫਰੈਂਡਲੀ ਬਾਸਕਟਬਾਲ ਮੈਚ ਵੀ ਕਰਵਾਇਆ ਗਿਆ, ਜਿਸ ਵਿੱਚ ਸੀਨੀਅਰ ਟੀਮ ਨੇ ਜਿੱਤ ਦਰਜ ਕੀਤੀ।
Advertisement