ਮਨਰੇਗਾ ਕਾਮਿਆਂ ਦੀ ਕਟੌਤੀ ਗਰੀਬ ਪਰਿਵਾਰਾਂ ’ਤੇ ਕੇਂਦਰ ਦਾ ਹਮਲਾ: ਸਿੱਧੂ
ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਨਰੇਗਾ ਡਾਟਾਬੇਸ ਵਿੱਚੋਂ ਕੇਵਲ ਇੱਕ ਮਹੀਨੇ (10 ਅਕਤੂਬਰ ਤੋਂ 14 ਨਵੰਬਰ) ਦਰਮਿਆਨ ਲਗਪਗ 27 ਲੱਖ ਮਜ਼ਦੂਰਾਂ ਦੇ ਨਾਮ ਕੱਟੇ ਜਾਣਾ ਗਰੀਬ ਪਰਿਵਾਰਾਂ ’ਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਹਮਲਾ ਤੇ ਮਜ਼ਦੂਰ ਵਰਗ ਨਾਲ ਸਿੱਧ ਬੇਇਨਸਾਫ਼ੀ ਹੈ। ਬਲਬੀਰ ਸਿੱਧੂ ਨੇ ਦੋਸ਼ ਲਾਇਆ ਕਿ ਕੇਂਦਰ ਨੇ ਈ-ਕੇ ਵਾਈ ਸੀ ਦੀ ਆੜ ਲੈ ਕੇ ਕਰੋੜਾਂ ਗਰੀਬ ਕਾਮਿਆਂ ਨੂੰ ਆਪਣੇ ਕਾਨੂੰਨੀ ਹੱਕ ਤੋਂ ਵਾਂਝਾ ਕਰਨ ਦੀ ਸਾਜ਼ਿਸ਼ ਰਚੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੇ ਛੇ ਮਹੀਨਿਆਂ ਵਿੱਚ ਕੇਵਲ 15 ਲੱਖ ਵਰਕਰ ਹੀ ਹਟੇ ਸਨ, ਉੱਥੇ ਇੱਕ ਮਹੀਨੇ ਵਿੱਚ 27 ਲੱਖ ਨਾਮ ਕੱਟੇ ਜਾਣਾ ਸਾਫ਼ ਦੱਸਦਾ ਹੈ ਕਿ ਇਹ ਕੋਈ ਨਿਰੰਤਰ ਤਸਦੀਕੀ ਪ੍ਰਕਿਰਿਆ ਨਹੀਂ ਬਲਕਿ ਜਾਣਬੁੱਝ ਕੇ ਕੀਤਾ ਗਿਆ ਵੱਡੇ ਪੱਧਰ ’ਤੇ ਡਾਟਾਬੇਸ ਸਫ਼ਾਇਆ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਸਭ ਤੋਂ ਵਧੀਆ ਈ-ਕੇ ਵਾਈ ਸੀ ਰਿਕਾਰਡ ਵਾਲੇ ਰਾਜਾਂ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਛੱਤੀਸਗੜ੍ਹ ਵਿੱਚ ਸਭ ਤੋਂ ਵੱਧ ਨਾਮ ਕੱਟੇ ਜਾਣਾ ਕੇਂਦਰ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਨਹੀਂ, ਸਗੋਂ ਸ਼ੱਕੀ ਤੇ ਪੱਖਪਾਤੀ ਬਣਾਉਂਦੀ ਹੈ। ਸਿੱਧੂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਸਾਰੇ ਕੱਟੇ ਗਏ ਜੌਬ ਕਾਰਡਾਂ ਦੀ ਸੁਤੰਤਰ ਜਾਂਚ ਕਰਵਾਏ, ਕਥਿਤ ਗਲਤ ਤਰੀਕੇ ਨਾਲ ਹਟਾਏ ਨਾਮ ਤੁਰੰਤ ਬਹਾਲ ਕਰੇ ਅਤੇ ਈ-ਕੇਵਾਈਸੀ ਦੀ ਆੜ ਵਿੱਚ ਚੱਲ ਰਹੀ ਇਸ ਬੇਰਹਿਮ ਕਾਰਵਾਈ ਨੂੰ ਰੋਕੇ।
