ਕ੍ਰਿਕਟ: ਲੜਕੀਆਂ ਦੇ 17 ਸਾਲ ਵਰਗ ’ਚ ਮੁਹਾਲੀ ਚੈਂਪੀਅਨ
ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ਖੇਡਾਂ ਤਹਿਤ 17 ਸਾਲ ਵਰਗ ਦੇ ਲੜਕੀਆਂ ਦੇ ਰਾਜ ਪੱਧਰੀ ਕ੍ਰਿਕਟ ਮੁਕਾਬਲੇ ਚੱਪੜਚਿੜੀ ਦੇ ਚੈਂਪੀਅਨਜ਼ ਕ੍ਰਿਕਟ ਅਕੈਡਮੀ ਮੈਦਾਨ ਵਿੱਚ ਮੁਕੰਮਲ ਹੋਏ। ਫਸਵੇਂ ਫਾਈਨਲ ਦੌਰਾਨ ਸੁਪਰ ਓਵਰ ਵਿੱਚ ਪਟਿਆਲਾ ਨੂੰ ਹਰਾ ਕੇ ਮੁਹਾਲੀ ਦੀ ਟੀਮ ਨੇ ਟਰਾਫੀ ਆਪਣੇ ਨਾਂ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ ਸਿੱ) ਡਾ. ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਦੇਖ-ਰੇਖ ਹੇਠ ਹੋਏ ਇਨ੍ਹਾਂ ਕ੍ਰਿਕਟ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਇਸ ਵਰਗ ਦੇ ਸੈਮੀਫਾਈਨਲ ਗੇੜ ਵਿੱਚ ਮੇਜ਼ਬਾਨ ਮੁਹਾਲੀ ਦੀ ਟੀਮ ਨੇ ਬਰਨਾਲਾ ਨੂੰ ਅਤੇ ਪਟਿਆਲਾ ਦੀ ਟੀਮ ਨੇ ਬਠਿੰਡਾ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਟਿਆਲਾ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 97 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਬੱਲੇਬਾਜ਼ੀ ਕਰਨ ਉੱਤਰੀ ਮੇਜ਼ਬਾਨ ਟੀਮ ਵੀ ਨਿਰਧਾਰਿਤ 20 ਓਵਰਾਂ ਵਿੱਚ 97 ਦੌੜਾਂ ਹੀ ਬਣਾ ਸਕੀ। ਮੇਜ਼ਬਾਨ ਟੀਮ ਵੱਲੋਂ ਅਨਹਤ ਕੌਰ ਸੰਧੂ ਨੇ ਸਭ ਤੋਂ ਵੱਧ 49 ਦੌੜਾਂ ਦਾ ਯੋਗਦਾਨ ਪਾਇਆ। ਸੁਪਰ ਓਵਰ ਦੌਰਾਨ ਮੇਜ਼ਬਾਨ ਐੱਸ ਏ ਐੱਸ ਨਗਰ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਦੌੜਾਂ ਦਾ ਟੀਚਾ ਦਿੱਤਾ ਪਰ ਪਟਿਆਲਾ ਦੀ ਟੀਮ ਕੇਵਲ 2 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਮੁਹਾਲੀ ਦੀ ਟੀਮ ਸੰਘਰਸ਼ ਭਰਪੂਰ ਰਹੇ ਮੈਚ ਨੂੰ ਜਿੱਤ ਕੇ ਰਾਜ ਚੈਂਪੀਅਨ ਬਣੀ।
ਤੀਜੇ ਅਤੇ ਚੌਥੇ ਸਥਾਨ ਲਈ ਹੋਏ ਮੈਚ ਵਿੱਚ ਬਰਨਾਲਾ ਨੂੰ ਹਰਾ ਕੇ ਬਠਿੰਡਾ ਨੇ ਤੀਜਾ ਸਥਾਨ ਆਪਣੇ ਨਾਂ ਕੀਤਾ ਜਦਕਿ ਬਰਨਾਲਾ ਨੂੰ ਚੌਥਾ ਸਥਾਨ ਮਿਲਿਆ।
