ਉੱਤਰਾਖੰਡ ਦੇ ਸੱਭਿਆਚਾਰ ’ਚ ਰੰਗਿਆ ਸ਼ਿਲਪ ਮੇਲਾ
ਕਲਾਗ੍ਰਾਮ ਵਿੱਚ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਅਤੇ ਯੂ ਟੀ ਪ੍ਰਸ਼ਾਸਨ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਾਂਝੇ ਉੱਦਮ ਸਦਕਾ ਚੱਲ ਰਹੇ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਵਿੱਚ ਅੱਜ ਉੱਤਰਾਖੰਡ ਦੇ ਸੱਭਿਆਚਾਰ ਦੀਆਂ ਝਲਕਾਂ ਪੇਸ਼ ਕੀਤੀਆਂ ਗਈਆਂ। ਦਿਨ ਦੇ ਸਟੇਜ ਪ੍ਰਦਰਸ਼ਨਾਂ ਵਿੱਚ ਵੱਖ-ਵੱਖ ਸੂਬਿਆਂ ਦੇ ਪ੍ਰਮੁੱਖ ਲੋਕ ਨਾਚ ਚੱਕਰੀ (ਰਾਜਸਥਾਨ), ਸੰਮੀ (ਪੰਜਾਬ), ਧਮਾਲੀ (ਜੰਮੂ ਕਸ਼ਮੀਰ), ਧਨਗਿਰੀ ਗਜਾ (ਮਹਾਰਾਸ਼ਟਰ), ਆਮ ਜ਼ਮੀਨੀ ਪ੍ਰਦਰਸ਼ਨਾਂ ਤੋਂ ਇਲਾਵਾ, ਕੱਚੀ ਘੋੜੀ (ਰਾਜਸਥਾਨ), ਬਾਜ਼ੀਗਰ ਪਾਰਟੀ (ਪੰਜਾਬ) ਅਤੇ ਹਰਿਆਣਾ ਤੋਂ ‘ਬੀਨ-ਜੋਗੀ’ ਅਤੇ ‘ਨਾਗੜਾ’ ਸ਼ਾਮਲ ਸਨ।
ਉੱਤਰਾਖੰਡੀ ਲੋਕ ਗਾਇਕ ਰਾਕੇਸ਼ ਖਾਨਵਾਲ ਨੇ ਆਪਣੇ ਗੀਤਾਂ ਨਾਲ ਮੇਲੇ ਦਾ ਮਾਹੌਲ ਉੱਤਰਾਖੰਡ ਦੇ ਪਹਾੜੀ ਸੱਭਿਆਚਾਰ ਨਾਲ ਭਰ ਦਿੱਤਾ। ਖਾਨਵਾਲ ਨੇ ਆਪਣੀ ਆਵਾਜ਼ ਨਾਲ ਸੰਗੀਤ ਪ੍ਰੇਮੀਆਂ ਨੂੰ ਮੰਤਰਮੁਗਧ ਕਰ ਦਿੱਤਾ।
ਸ਼ਿਲਪ ਮੇਲੇ ਵਿੱਚ ਦਿਨ ਦੇ ਸੈਸ਼ਨ ਦੌਰਾਨ ਰਾਜਸਥਾਨ ਦੇ ਕਾਲਬੇਲੀਆ ਨਾਚ ਦੌਰਾਨ ਕਲਾਕਾਰਾਂ ਨੇ ਕਲਾਬਾਜ਼ੀਆਂ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਰਾਜਸਥਾਨ ਦਾ ਰਵਾਇਤੀ ਲੋਕ ਨਾਚ ਚੱਕਰੀ ਅਤੇ ਤੇਲੰਗਾਨਾ ਦੇ ਗੋਂਡ ਕਬੀਲੇ ਦੇ ਰਵਾਇਤੀ ਲੋਕ ਨਾਚ ‘ਮਥੂਰੀ’ ਨੂੰ ਦਰਸ਼ਕਾਂ ਤੋਂ ਕਾਫ਼ੀ ਸ਼ਲਾਘਾ ਮਿਲੀ। ਰਾਜਸਥਾਨੀ ਸੱਭਿਆਚਾਰ ਦੇ ਤੱਤ ਸਾਰ ਨੂੰ ਦਰਸਾਉਂਦੇ ਮੁਰਲੀ ਰਾਜਸਥਾਨੀ ਦੇ ਲੋਕ-ਗਾਇਨ ਨੇ ਦਰਸ਼ਕਾਂ ਨੂੰ ਤਾੜੀਆਂ ਲਈ ਮਜਬੂਰ ਕਰ ਦਿੱਤਾ।
ਪੰਜਾਬੀ ਗਾਇਕ ਮਨਮੋਹਨ ਵਾਰਿਸ ਦੀ ਪੇਸ਼ਕਾਰੀ ਅੱਜ
ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ ਮੁਹੰਮਦ ਫੁਰਕਾਨ ਖਾਨ ਨੇ ਭਲਕੇ ਪੰਜ ਦਸੰਬਰ ਨੂੰ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਦਸੰਬਰ ਦੀ ਸ਼ਾਮ ਨੂੰ ਪੰਜਾਬੀ ਲੋਕ ਗਾਇਕ ਮਨਮੋਹਨ ਵਾਰਿਸ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਸ ਤੋਂ ਪਹਿਲਾਂ ਵੱਖ-ਵੱਖ ਲੋਕ ਨਾਚਾਂ ਨੂੰ ਜੋੜ ਕੇ ਕੋਰੀਓਗ੍ਰਾਫਿਕ ਨਾਚ ਪੇਸ਼ ਕੀਤਾ ਜਾਵੇਗਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਛੇ ਕਲਾਕਾਰਾਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ।
