ਨਹਿਰਾਂ ਵਿੱਚ ਪਾੜ ਸਰਕਾਰ ਦੀ ਅਣਗਹਿਲੀ ਕਾਰਨ ਪਏ: ਕੇਪੀ ਸਿੰਘ
ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਸ ਵਾਰ ਬਰਸਾਤ ਦੇ ਮੌਸਮ ਵਿੱਚ ਸਤਲੁਜ ਦਰਿਆ ਨਾਲ ਪਿੰਡਾਂ ਦੀਆਂ ਜ਼ਮੀਨਾਂ ਨੂੰ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਣਾ ਤੇ ਨਹਿਰਾਂ ਵਿੱਚ ਪਾੜ ਪੈਣੇ, ਇਸ ਆਫਤ ਲਈ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨਹਿਰਾ ਦੀ ਸਫਾਈ ਨਾ ਹੋਣਾ ਇਨ੍ਹਾਂ ਦੇ ਟੁੱਟਣ ਦਾ ਕਾਰਨ ਹੈ। ਸਾਬਕਾ ਸਪੀਕਰ ਨੇ ਕਾਰ ਸੇਵਾ ਵਾਲੇ ਬਾਬਿਆਂ ਤੇ ਇਲਾਕੇ ਦੇ ਨੌਜਵਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਕਾਰਜ ਤਾਂ ਕੀ ਕਰਵਾਉਣੇ ਸਨ ਜਿਹੜੇ ਨਹਿਰਾਂ ਦੀ ਪਟੜੀ ਤੇ ਬਣੀਆਂ ਸੜਕਾਂ ਦੀ ਦੇਖਭਾਲ ਲਈ 30 ਬੇਲਦਾਰ ਵੱਜੋਂ ਕੰਮ ਕਰਦੇ ਮੁਲਾਜ਼ਮ ਰੱਖੇ ਸਨ, ਸਰਕਾਰ ਨੇ ਉਨ੍ਹਾਂ ਨੂੰ ਕੱਢ ਕੇ ਉਨ੍ਹਾਂ ਦੀ ਰੋਟੀ ਖੋਹੀ ਹੈ। ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਵੇਲੇ 100 ਬੰਦਾ ਹਰ ਬਰਸਾਤ ਦੇ ਮੌਸਮ ਆਰਜ਼ੀ ਤੌਰ ’ਤੇ ਨਹਿਰਾਂ ਸੜਕਾਂ ਦੀ ਸਾਂਭ ਸੰਭਾਲ ਲਈ ਰੱਖਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਵੱਲੋਂ ਦਰਿਆ ਅਤੇ ਨਹਿਰਾਂ ’ਤੇ ਜਾ ਕੇ ਬੋਰੀਆ ਚੁੱਕ ਕੇ ਫੋਟੋਆਂ ਕਰਵਾਉਣਾ ਵਿਕਾਸ ਨਹੀਂ ਹੈ, ਇਹ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਮਹਿਜ਼ ਇੱਕ ਡਰਾਮੇਬਾਜ਼ੀ ਹੈ।