ਚੰਡੀਗੜ੍ਹ ਵਿੱਚ ਦੇਰ ਰਾਤ ਤੱਕ ਚਲਦੇ ਰਹੇ ਪਟਾਕੇ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦੀਵਾਲੀ ਮਨਾਉਣ ਨੂੰ ਲੈ ਕੇ ਛਿੜੇ ਭੰਬਲਭੂਸੇ ਦੌਰਾਨ ਚੰਡੀਗੜ੍ਹੀਆਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਵਜੋਂ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਵੀ ਭਾਰੀ ਮਾਤਰਾ ਵਿੱਚ ਪਟਾਕੇ ਚਲਾਏ। ਹਾਲਾਂਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਿਰਫ਼ 20 ਅਕਤੂਬਰ ਨੂੰ ਰਾਤ ਨੂੰ 8 ਤੋਂ 10 ਵਜੇ ਤੱਕ ਦੋ ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੋਈ ਸੀ, ਲੋਕਾਂ ਨੇ ਪ੍ਰਸ਼ਾਸਨਿਕ ਨਿਯਮਾਂ ਨੂੰ ਛਿੱਕੇ ਟੰਗਦਿਆਂ 21 ਅਕਤੂਬਰ ਨੂੰ ਦੇਰ ਰਾਤ ਤੱਕ ਪਟਾਕੇ ਚਲਾਏ। ਸਿਟੀ ਬਿਊਟੀਫੁੱਲ ਵਿੱਚ ਮੰਗਲਵਾਰ ਨੂੰ ਦੇਰ ਰਾਤ ਤੱਕ ਲੋਕਾਂ ਵੱਲੋਂ ਭਾਰੀ ਮਾਤਰਾ ਵਿੱਚ ਪਟਾਕੇ ਚਲਾਉਣ ਕਰਕੇ ਸ਼ਹਿਰ ਦੀ ਹਵਾ ਦੂਜੇ ਦਿਨ ਵੀ ਪ੍ਰਦੂਸ਼ਿਤ ਰਹੀ। ਉੱਧਰ, ਚੰਡੀਗੜ੍ਹ ਪੁਲੀਸ ਸ਼ਹਿਰ ਵਿੱਚ ਦੇਰ ਰਾਤ ਤੱਕ ਪਟਾਕੇ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਿੱਚ ਨਾਕਾਮ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਮੰਗਲਵਾਰ ਰਾਤ ਨੂੰ ਪਟਾਕੇ ਚੱਲਣ ਕਰਕੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਦਾ ਪੱਧਰ (ਏ ਕਿਊ ਆਈ) ਔਸਤਨ 250 ਦੇ ਕਰੀਬ ਦਰਜ ਕੀਤਾ ਗਿਆ ਹੈ, ਜੋ ਕਿ ਮਾੜਾ ਗਿਣਿਆ ਜਾਂਦਾ ਹੈ। ਹਾਲਾਂਕਿ 22 ਅਕਤੂਬਰ ਦਿਨ ਬੁੱਧਵਾਰ ਨੂੰ ਸੈਕਟਰ-22 ਵਿੱਚ ਰਾਤ ਨੂੰ 8 ਵਜੇ ਇਹ ਘੱਟ ਕੇ 204 ਰਹਿ ਗਿਆ। ਇਸ ਸਮੇਂ ਸੈਕਟਰ- 25 ਵਿੱਚ 175 ਅਤੇ ਸੈਕਟਰ-53 ਵਿੱਚ ਏ ਕਿਊ ਆਈ 157 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਦੀਵਾਲੀ ਵਾਲੀ ਰਾਤ ਨੂੰ ਸ਼ਹਿਰ ਦੇ ਸੈਕਟਰ-53 ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ 304 ਤੱਕ ਚਲੇ ਗਿਆ ਸੀ। ਸੈਕਟਰ-22 ਵਿੱਚ 234 ਤੇ ਸੈਕਟਰ- 25 ਵਿੱਚ 296 ਦਰਜ ਕੀਤਾ ਗਿਆ ਸੀ। ਉਸ ਦੌਰਾਨ ਜਿਸ ਕਰਕੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 20 ਅਕਤੂਬਰ ਨੂੰ ਦੀਵਾਲੀ ਵਾਲੀ ਰਾਤ ਨੂੰ 8 ਤੋਂ 10 ਵਜੇ ਤੱਕ ਦੋ ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਸੀ। ਇਸ ਦੇ ਨਾਲ ਹੀ ਸ਼ਹਿਰ ਵਿੱਚ ਧਮਾਕੇਦਾਰ ਅਤੇ ਲੜੀ ਵਾਲੇ ਪਟਾਕੇ ਚਲਾਉਣ ’ਤੇ ਪਾਬੰਦੀ ਲਗਾਈ ਗਈ ਸੀ। ਇਸ ਦੇ ਬਾਵਜੂਦ 20 ਤੇ 21 ਅਕਤੂਬਰ ਨੂੰ ਦੇਰ ਰਾਤ ਤੱਕ ਸ਼ਹਿਰ ਵਿੱਚ ਭਾਰੀ ਮਾਤਰਾ ਵਿੱਚ ਪਟਾਕੇ ਚਲਦੇ ਰਹੇ ਸਨ। ਇਸ ਦੌਰਾਨ ਲੋਕਾਂ ਨੇ ਧਮਾਕੇਦਾਰ ਅਤੇ ਲੜੀਦਾਰ ਪਟਾਕੇ ਵੀ ਵੱਡੀ ਮਾਤਰਾ ਵਿੱਚ ਚਲਾਏ। ਸ਼ਹਿਰ ਵਿੱਚ ਦੇਰ ਰਾਤ ਤੱਕ ਪਟਾਕੇ ਚੱਲਣ ਦੇ ਬਾਵਜੂਦ ਚੰਡੀਗੜ੍ਹ ਪੁਲੀਸ ਕਿਸੇ ’ਤੇ ਵੀ ਕਾਰਵਾਈ ਕਰਨ ਜਾਂ ਪਟਾਕੇ ਚਲਾਉਣ ਵਾਲਿਆਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ।