ਕੌਂਸਲਰਾਂ ਨੇ ਸ਼ਿਕਾਇਤ ਕਰਨ ਦੇ ਮਾਮਲੇ ’ਤੇ ਮੇਅਰ ਨੂੰ ਘੇਰਿਆ
ਚੰਡੀਗੜ੍ਹ ਨਗਰ ਨਿਗਮ ਦੀ 30 ਸਤੰਬਰ ਦੀ ਹਾਊਸ ਮੀਟਿੰਗ ਵਿੱਚ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਅਤੇ ਹੁਣ ਮੇਅਰ ਵੱਲੋਂ ਚਾਰ ਕੌਂਸਲਰਾਂ ਖਿਲਾਫ ਪ੍ਰਸ਼ਾਸਕ ਨੂੰ ਲਿਖੇ ਪੱਤਰ ਉਪਰੰਤ ਮਸਲਾ ਹੋਰ ਭਖ ਗਿਆ ਹੈ। ਵਿਰੋਧੀ ਧਿਰਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਕਿਹਾ ਕਿ ਮੇਅਰ ਦੇ ਦੋਸ਼ਾਂ ਵਿੱਚ ਕੋਈ ਸਚਾਈ ਨਹੀਂ ਹੈ। ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ, ‘ਆਪ’ ਕੌਂਸਲਰਾਂ ਪ੍ਰੇਮ ਲਤਾ, ਗੁਰਪ੍ਰੀਤ ਸਿੰਘ ਗਾਬੀ, ਯੋਗੇਸ਼ ਢੀਂਗਰਾ, ਸਾਬਕਾ ਮੇਅਰ ਕੁਲਦੀਪ ਧਲੌਦ, ਯੋਗੇਸ਼ ਢੀਂਗਰਾ, ਸਚਿਨ ਗਾਲਵ, ਸੁਮਨ ਸ਼ਰਮਾ, ਦਰਸ਼ਨ ਰਾਣੀ ਅਤੇ ਦਿਲਾਵਰ ਸਿੰਘ ਸਮੇਤ ਕੌਂਸਲਰਾਂ ਨੇ ਕਿਹਾ ਕਿ ਮੇਅਰ ਨੇ ਚਾਰ ਕੌਂਸਲਰਾਂ ਵਿਰੁੱਧ ਪ੍ਰਸ਼ਾਸਕ ਨੂੰ ਇੱਕ ਪੱਤਰ ਲਿਖ ਕੇ ਸ਼ਿਕਾਇਤ ਭੇਜੀ ਹੈ। ਜੇਕਰ ਇਸ ’ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਅਨਿਲ ਮਸੀਹ ਵਿਰੁੱਧ ਸ਼ਿਕਾਇਤ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਸ ਨੇ ਵੋਟਾਂ ਵਿੱਚ ਹੇਰਾਫੇਰੀ ਕਰਕੇ ਵਿਸ਼ਵ ਪੱਧਰ ‘ਤੇ ਚੰਡੀਗੜ੍ਹ ਦੀ ਸਾਖ ਨੂੰ ਢਾਹ ਲਗਾਈ ਸੀ। ਭਾਜਪਾ ਦੇ ਸਾਬਕਾ ਕੌਂਸਲਰ ਕੰਵਰਜੀਤ ਸਿੰਘ ਰਾਣਾ ਨੇ ਸਕੱਤਰ ਦਾ ਮਾਈਕ੍ਰੋਫ਼ੋਨ ਅਤੇ ਏਜੰਡਾ ਖੋਹ ਲਿਆ ਸੀ। ਇਸ ਤੋਂ ਇਲਾਵਾ 30 ਸਤੰਬਰ ਦੀ ਮੀਟਿੰਗ ਵਿੱਚ ਨਾਮਜ਼ਦ ਕੌਂਸਲਰ ਵੀ ਉਸ ਮੌਕੇ ਮੌਜੂਦ ਸਨ। ਮੇਅਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਸਾਲ ਪਹਿਲਾਂ ਜਦੋਂ ਸਾਬਕਾ ਮੇਅਰ ਕੁਲਦੀਪ ਕੁਮਾਰ ਮੇਅਰ ਸਨ, ਤਾਂ ਤੁਹਾਡੇ ਆਪਣੇ ਭਾਜਪਾ ਕੌਂਸਲਰਾਂ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਸੀ। ਇਸ ਬਾਰੇ ਇੱਕ ਸਾਲ ਪਹਿਲਾਂ ਪ੍ਰਸ਼ਾਸਕ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਅਤੇ ਉਸ ਸ਼ਿਕਾਇਤ ‘ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਕਤ ਮੀਟਿੰਗ ਬਾਰੇ ਕੌਂਸਲਰਾਂ ਨੇ ਕਿਹਾ ਕਿ ਨਗਰ ਨਿਗਮ ਦੇ ਜਿਹੜੇ ਮਿੰਟਸ ਦੀ ਕਾਪੀਆਂ ਫਾੜਨ ਦੇ ਦੋਸ਼ ਲਗਾਏ ਜਾ ਰਹੇ ਹਨ, ਉਹ ਝੂਠੇ ਮਿੰਟਸ ਤਾਂ ਅੱਜ ਵੀ ਉਨ੍ਹਾਂ ਨੂੰ ਸਵੀਕਾਰ ਨਹੀਂ ਹਨ।
ਮਨੀਮਾਜਰਾ ਹਾਊਸਿੰਗ ਪ੍ਰਾਜੈਕਟ ਕਾਰਨ ਵਿਵਾਦ
ਕੌਂਸਲਰਾਂ ਨੇ ਕਿਹਾ ਕਿ ਦਰਅਸਲ ਨਗਰ ਨਿਗਮ ਦਾ ਮਨੀਮਾਜਰਾ ਹਾਊਸਿੰਗ ਪ੍ਰਾਜੈਕਟ ਇਸ ਪੂਰੀ ਘਟਨਾ ਦੀ ਜੜ੍ਹ ਹੈ। ਮੇਅਰ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਮਨਜ਼ੂਰੀ ਦੇਣਾ ਚਾਹੁੰਦੇ ਹਨ, ਪਰ ਵਿਰੋਧੀ ਕੌਂਸਲਰ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਪ੍ਰਾਜੈਕਟ ਨੂੰ ਗਲਤ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕੁਝ ਚੋਣਵੇਂ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਵਰਤਿਆ ਜਾ ਰਿਹਾ ਹੈ, ਜਿਸਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਸਾਰੇ ਕੌਂਸਲਰਾਂ ਨੇ ਮੇਅਰ ਦੇ ਇਸ ਬਿਆਨ ‘ਤੇ ਵੀ ਇਤਰਾਜ਼ ਜਤਾਇਆ ਕਿ, ਜਦੋਂ ਉਹ ਵਿਰੋਧ ਕਰ ਰਹੇ ਸਨ, ਤਾਂ ਮੇਅਰ ਨੇ ਕਿਹਾ ਕਿ ਇਹ ਰਾਮਲੀਲਾ ਵਰਗਾ ਪ੍ਰਦਰਸ਼ਨ ਸੀ। ਮੇਅਰ ਨੇ ਭਗਵਾਨ ਰਾਮ ਦਾ ਅਪਮਾਨ ਕੀਤਾ ਅਤੇ ਸਨਾਤਨੀਆਂ ਦੇ ਧਰਮ, ਵਿਸ਼ਵਾਸ ਅਤੇ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚਾਈ। ਕੌਸਲਰਾਂ ਨੇ ਕਿਹਾ ਕਿ ਮੇਅਰ ਦੇ ਰਾਮਲੀਲਾ ਵਾਲੇ ਸ਼ਬਦ ਨਿੰਦਣਯੋਗ ਹਨ। ਭਾਜਪਾ ਅਤੇ ਮੇਅਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ।