ਕੌਂਸਲਰ ਵੱਲੋਂ ਸਫਾਈ ਸੇਵਕਾਂ ਦਾ ਸਨਮਾਨ
ਖਰੜ ਨਗਰ ਕੌਂਸਲ ਦੇ ਵਾਰਡ ਨੰਬਰ 12 ਦੇ ਕੌਂਸਲਰ ਰਾਜਵੀਰ ਸਿੰਘ ਰਾਜੀ ਨੇ ਆਪਣੇ ਵਾਰਡ ਵਿੱਚ ਸੈਨੀਟੇਸ਼ਨ, ਬਿਜਲੀ ਅਤੇ ਪਾਣੀ ਸਪਲਾਈ ਸ਼ਾਖਾ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਆਪਣੇ ਨਿਵਾਸ ਸਥਾਨ ’ਤੇ ਇਕੱਠੇ ਕੀਤਾ ਅਤੇ ਤੋਹਫੇ ਵੰਡ ਕੇ ਉਨ੍ਹਾਂ ਦਾ ਸਨਮਾਨ ਕੀਤਾ।
ਇਸ ਮੌਕੇ ਉਨ੍ਹਾਂ ਸਫਾਈ ਸੇਵਕਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਇਹ ਸਫਾਈ ਸੇਵਕ ਸਾਲ ਦੇ 365 ਦਿਨ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਵਾਰਡ ਨੂੰ ਸਾਫ-ਸੁਥਰਾ ਰੱਖਦੇ ਹਨ। ਇਸ ਲਈ ਇਨ੍ਹਾਂ ਦਾ ਸਨਮਾਨ ਅਤੇ ਮਾਣ ਕਰਨਾ ਹਰ ਨਾਗਰਿਕ ਦਾ ਫਰਜ਼ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਮੰਗ ਰੱਖਦਿਆਂ ਕਿਹਾ ਕਿ ਕੱਚੇ ਕਾਮਿਆਂ ਦਾ ਉਹ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣ ਕਿਉਂਕਿ ਉਹ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿੰਦੇ ਹਨ। ਰਾਜਵੀਰ ਰਾਜੀ ਨੇ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਿਉਹਾਰ ਦੇ ਦਿਨਾਂ ਵਿੱਚ ਹੀ ਨਹੀਂ ਸਗੋਂ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਦੀ ਮੁੱਖ ਜ਼ਿੰਮੇਵਾਰੀ ਹਰ ਵਾਰਡ ਵਾਸੀ ਦੀ ਹੈ।ਇਸ ਮੌਕੇ ਸਫਾਈ ਸੇਵਕ ਸੁਪਰਵਾਈਜ਼ਰ ਗੁਰਜੀਤ ਸਿੰਘ ਗੁਰੀ ਨੇ ਕੌਂਸਲਰ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਹੌਸਲਾ ਅਫਜ਼ਾਈ ਨਾਲ ਉਨ੍ਹਾਂ ਅਤੇ ਸਾਥੀਆਂ ਦਾ ਮਾਣ ਵਧਿਆ ਹੈ ਜਿਸ, ਦੇ ਉਹ ਧੰਨਵਾਦੀ ਰਹਿਣਗੇ। ਇਸ ਮੌਕੇ ਸੁਖਵਿੰਦਰ ਸਿੰਘ, ਹਰਬਖਸ਼, ਰੋਕੀ, ਰੋਹਨ ਵਿਸ਼ਾਲ, ਅਸੀਸ਼, ਚੰਦਨ, ਰੋਕੀ ਕੁਮਾਰ, ਸੁਨੀਲ, ਵਿਕਰਮ ਅਤੇ ਅਬਦੁਲ ਮੌਜੂਦ ਸਨ।
