ਹੜ੍ਹ ਪੀੜਤਾਂ ਦੀ ਮਦਦ ਲਈ ਤਾਲਮੇਲ ਕਮੇਟੀ ਕਾਇਮ
ਸਰਘੀ ਪਰਿਵਾਰ ਦੇ ਮੈਂਬਰਾਂ ਨੇ ਹੜ੍ਹ-ਪੀੜਤ ਖੇਤ ਮਜ਼ਦੂਰਾਂ ਤੇ ਹੋਰ ਵਰਗਾਂ ਦੀ ਪਹਿਲ ਦੇ ਅਧਾਰ ਤੇ ਇਮਦਾਦ ਕਰਨ ਲਈ ਹੜ੍ਹ-ਪੀੜਤ ਰਾਹਤ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ। ਕੇਂਦਰ ਦੇ ਪ੍ਰਧਾਨ ਨਾਟ ਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਹੜ੍ਹ ਪੀੜਤ ਖੇਤ-ਮਜ਼ਦੂਰਾਂ ਤੇ ਹੋਰ ਵਰਗਾਂ ਦੀ ਪਹਿਲ ਦੇ ਅਧਾਰ ਤੇ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 2 ਹਜ਼ਾਰ ਦੇ ਕਰੀਬ ਪਿੰਡਾਂ ਦੇ 4 ਲੱਖ ਦੇ ਕਰੀਬ ਲੋਕਾਂ ਤੋਂ ਇਲਾਵਾ ਹਜ਼ਾਰਾਂ ਪਸ਼ੂ ਖਾਣ-ਪੀਣ ਦੀਆਂ ਵਸਤਾਂ, ਰਹਿਣ ਲਈ ਛੱਤ, ਸਿਹਤ ਸਹੂਲਤਾਂ ਅਤੇ ਜ਼ਿੰਦਗੀ ਜਿਊਣ ਦੀਆਂ ਹੋਰ ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝੇ ਹੋ ਗਏ ਹਨ। ਖੇਤੀ-ਬਾੜੀ ਅਤੇ ਪਸੂ ਵੀ ਗੰਭੀਰ ਸੰਕਟ ਵਿਚ ਹਨ।
ਉਨ੍ਹਾਂ ਦੱਸਿਆ ਕਿ ਹੜ ਪੀੜਤਾਂ ਦੀ ਮਦਦ ਲਈ ਬਣਾਈ ਤਾਲਮੇਲ ਕਮੇਟੀ ਦਾ ਕਨਵੀਨਰ ਸਮਾਜ ਸੇਵੀ ਅਸ਼ੋਕ ਬਜਹੇੜੀ ਨੂੰ ਬਣਾਇਆ ਗਿਆ ਹੈ ਜਦਕਿ ਬਾਕੀ ਅਹੁਦੇਦਾਰਾਂ ਵਿਚ ਸੰਜੀਵਨ ਸਿੰਘ ਅਤੇ ਕੁੱਕੂ ਦੀਵਾਨ ਨੂੰ ਕੋ-ਕਨਵੀਨਰ, ਜਸਪ੍ਰੀਤ ਕੌਰ ਨੂੰ ਸਕੱਤਰ ਅਤੇ ਨਰਿੰਦਰ ਨਸਰੀਨ ਨੂੰ ਵਿੱਤ ਸਕੱਤਰ ਬਣਾਇਆ ਗਿਆ ਹੈ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨਾਲ ਰਾਬਤਾ ਕਰਨ ਦੀ ਜ਼ਿੰਮੇਵਾਰੀ ਤੁਰਕੀ ਤੋਂ ਜਸਪਾਲ ਸਿੰਘ ਨੇ ਲਈ ਹੈ ਅਤੇ ਪ੍ਰਸ਼ਾਤ ਭਗਤ, ਗੁਰਵਿੰਦਰ ਬੈਦਵਾਣ, ਗੂੰਜਣਦੀਪ ਕੌਰ, ਗੁਰਮਨ ਕੌਰ, ਵਿੱਕੀ ਮਾਰਤਿਆ ਰਾਹਤ ਕਾਰਜਾਂ ਲਈ ਤਾਲਮੇਲ ਕਰਨਗੇ।