ਪੰਦਰਾਂ ਸਾਲ ਪੁਰਾਣੇ ਜਬਰ-ਜਨਾਹ ਤੇ ਕਤਲ ਮਾਮਲੇ ’ਚ ਦੋਸ਼ੀ ਕਰਾਰ
ਇੱਥੋਂ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵੱਲੋਂ 15 ਸਾਲ ਪੁਰਾਣੇ ਨੇਹਾ ਅਹਿਲਾਵਤ ਦੇ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਮੋਨੂੰ ਕੁਮਾਰ ਵਾਸੀ ਸ਼ਾਹਪੁਰ ਕਲੋਨੀ ਸੈਕਟਰ-38 ਵੈਸਟ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਿਸ ਨੂੰ ਅਦਾਲਤ ਵੱਲੋਂ 28 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ।
ਜਾਣਕਾਰੀ ਅਨੁਸਾਰ 30 ਜੁਲਾਈ 2010 ਨੂੰ ਚੰਡੀਗੜ੍ਹ ਦੇ ਸੈਕਟਰ-38 ਦੇ ਜੰਗਲਾਂ ਵਿੱਚੋਂ ਇਕ 21 ਸਾਲਾਂ ਲੜਕੀ ਦੀ ਲਾਸ਼ ਮਿਲੀ ਸੀ, ਜਿਸ ਨਾਲ ਜਬਰ-ਜਨਾਹ ਕਰਕੇ ਕਤਲ ਕੀਤਾ ਗਿਆ ਸੀ। ਥਾਣਾ ਸੈਕਟਰ-39 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ 14 ਸਾਲ ਤੱਕ ਪੁਲੀਸ ਦੇ ਹੱਥ ਕੁਝ ਨਹੀਂ ਲੱਗ ਸਕਿਆ ਸੀ। ਇਸ ਦੌਰਾਨ ਪੁਲੀਸ ਨੇ ਅਣਟਰੇਸ ਰਿਪੋਰਟ ਅਦਾਲਤ ਵਿੱਚ ਦਿੱਤੀ ਸੀ ਪਰ ਅੰਦਰਖਾਤੇ ਜਾਂਚ ਜਾਰੀ ਰੱਖੀ।
ਇਸ ਤੋਂ ਬਾਅਦ ਜਨਵਰੀ 2022 ਵਿੱਚ ਮਲੋਆ ਦੇ ਜੰਗਲਾਂ ਵਿੱਚੋਂ ਇਕ ਔਰਤ ਦੀ ਲਾਸ਼ ਮਿਲੀ, ਜਿਸ ਨਾਲ ਜਬਰ-ਜਨਾਹ ਕਰਕੇ ਹੱਤਿਆ ਕੀਤੀ ਗਈ ਸੀ। ਇਸ ਮਾਮਲੇ ਵਿੱਚ ਵੀ ਪੁਲੀਸ ਦੇ ਹੱਥ ਕੁਝ ਨਹੀਂ ਲੱਗ ਸਕਿਆ ਪਰ ਪੁਲੀਸ ਨੇ ਦੋਵਾਂ ਮਾਮਲਿਆਂ ਦੀ ਜਾਂਚ ਨੂੰ ਇਕੱਠੇ ਜਾਰੀ ਰੱਖਦਿਆਂ 800 ਤੋਂ ਵੱਧ ਲੋਕਾਂ ਤੋਂ ਪੁੱਛ ਪੜਤਾਲ ਕੀਤੀ ਅਤੇ 100 ਤੋਂ ਵੱਧ ਲੋਕਾਂ ਦੇ ਡੀ ਐੱਨ ਏ ਟੈਸਟ ਕਰਵਾਏ ਗਏ। ਪੁਲੀਸ ਨੇ ਦੋਵਾਂ ਮਾਮਲਿਆਂ ਦੀ ਜਾਂਚ ਕਰਦਿਆਂ ਮੋਨੂੰ ਕੁਮਾਰ ਵਾਸੀ ਸ਼ਾਹਪੁਰ ਕਲੋਨੀ ਨੂੰ 14 ਸਾਲ ਬਾਅਦ ਸਾਲ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਅੱਜ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ।
ਹਾਲਾਂਕਿ ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਨੇ ਸਾਲ 2008 ਵਿੱਚ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਵੀ ਇਕ ਲੜਕੀ ਨਾਲ ਜਬਰ-ਜਨਾਹ ਕਰਕੇ ਕਤਲ ਕਰ ਦਿੱਤਾ ਸੀ।
