ਅੰਬਾਲਾ ਛਾਉਣੀ ’ਚ ਸਿਵਲ ਹਸਪਤਾਲ ਦੀ ਨਵੀਂ ਇਮਾਰਤ ਦੀ ਉਸਾਰੀ ਸ਼ੁਰੂ
ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਦੀ ਸਮਰੱਥਾ ਹੁਣ ਦੋ ਗੁਣਾਂ ਹੋਣ ਜਾ ਰਹੀ ਹੈ। ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਹਸਪਤਾਲ ’ਚ 100 ਬਿਸਤਰਾਂ ਵਾਲੀ ਨਵੀਂ ਇਮਾਰਤ ਦੀ ਉਸਾਰੀ ਸ਼ੁਰੂ ਹੋ ਗਈ ਹੈ। ਇਹ ਇਮਾਰਤ ਕਰੀਟਿਕਲ ਕੇਅਰ ਯੂਨਿਟ (ਸੀਸੀਯੂ) ਦੀ ਤਰ੍ਹਾਂ ਤਿਆਰ ਕੀਤੀ ਜਾ ਰਹੀ ਹੈ, ਜਿੱਥੇ ਗੰਭੀਰ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਮਾਰਤ ਦਾ ਕੰਮ ਪਹਿਲਾਂ ਹਾਈਕੋਰਟ ਅਤੇ ਆਰਬਿਟਰੇਸ਼ਨ ਮਾਮਲੇ ਕਾਰਨ ਰੁਕਿਆ ਹੋਇਆ ਸੀ। ਹੁਣ ਟੈਂਡਰ ਪ੍ਰਕਿਰਿਆ ਪੂਰੀ ਹੋਣ ਉਪਰੰਤ 14.79 ਕਰੋੜ ਰੁਪਏ ਦੀ ਲਾਗਤ ਨਾਲ ਇਮਾਰਤ ਦਾ ਬਾਕੀ ਕੰਮ ਪੂਰਾ ਕੀਤਾ ਜਾਵੇਗਾ। ਇਸ ਨਵੀਂ ਇਮਾਰਤ ਨਾਲ ਹਸਪਤਾਲ ਦੀ ਸਮਰੱਥਾ 100 ਤੋਂ ਵਧ ਕੇ 200 ਬਿਸਤਰਾਂ ਦੀ ਹੋ ਜਾਵੇਗੀ, ਜਿਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਵਧੀਕ ਸੁਵਿਧਾਵਾਂ ਮਿਲਣਗੀਆਂ। ਇਮਾਰਤ ਵਿੱਚ ਕੁੱਲ ਸੱਤ ਮੰਜ਼ਿਲਾਂ, ਦੋ ਬੇਸਮੈਂਟ, ਪੰਜ ਫਲੋਰ ਹੋਣਗੇ। ਇਕ ਬੇਸਮੈਂਟ ’ਚ ਵਾਹਨਾਂ ਦੀ ਪਾਰਕਿੰਗ, ਦੂਜੇ ’ਚ ਏਸੀ ਤੇ ਗੈਸ ਪਲਾਂਟ ਹੋਵੇਗਾ। ਗਰਾਊਂਡ ਫਲੋਰ ’ਤੇ ਰਜਿਸਟ੍ਰੇਸ਼ਨ, ਰਿਸੈਪਸ਼ਨ, ਇਮਰਜੈਂਸੀ ਸੇਵਾਵਾਂ , ਪਹਿਲੇ ਫਲੋਰ ’ਤੇ 28 ਬਿਸਤਰੀ ਇਮਰਜੈਂਸੀ ਵਾਰਡ, ਦੂਜੇ ਤੇ ਤੀਜੇ ਫਲੋਰ ’ਤੇ ਇਨਫੈਕਟਿਵ ਆਈਸੀਯੂ ਤੇ ਓਟੀ, ਚੌਥੇ ਫਲੋਰ ’ਤੇ ਕਰੀਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗਾ।
ਗੰਭੀਰ ਮਰੀਜ਼ਾਂ ਦਾ ਆਧੁਨਿਕ ਸਹੂਲਤਾਂ ਨਾਲ ਹੋਵੇਗਾ ਇਲਾਜ: ਵਿੱਜ
ਅਨਿਲ ਵਿੱਜ ਨੇ ਕਿਹਾ ਕਿ ਨਵੀਂ ਇਮਾਰਤ ਇਸ ਤਰੀਕੇ ਨਾਲ ਡਿਜ਼ਾਈਨ ਹੋਈ ਹੈ ਕਿ ਆਮ ਮਰੀਜ਼ਾਂ ਨੂੰ ਇਨਫੈਕਸ਼ਨ ਦਾ ਖ਼ਤਰਾ ਨਾ ਹੋਵੇ। ਕਰੀਟਿਕਲ ਕੇਅਰ ਵਿੱਚ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਤੇ ਹੋਰ ਮੁੱਖ ਲੱਛਣਾਂ ਦੀ ਨਿਗਰਾਨੀ ਹੋਵੇਗੀ, ਤਾਂ ਜੋ ਮਰੀਜ਼ ਨੂੰ ਤੁਰੰਤ ਇਲਾਜ ਮਿਲ ਸਕੇ। ਉਨ੍ਹਾਂ ਦੱਸਿਆ ਕਿ ਕਰੋਨਾ ਵਰਗੀਆਂ ਬਿਮਾਰੀਆਂ ਲਈ ਵੀ ਖ਼ਾਸ ਵਾਰਡ ਬਣਾਏ ਜਾਣਗੇ।