ਸੰਵਿਧਾਨ ਸਨਮਾਨ, ਬਰਾਬਰੀ ਤੇ ਆਜ਼ਾਦੀ ਦਾ ਅਧਿਕਾਰ ਦਿੰਦਾ: ਕਟਾਰੀਆ
ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿੱਚ ਅੱਜ ਸੰਵਿਧਾਨ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ। ਉਨ੍ਹਾਂ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੀ ਦੂਰਦਰਸ਼ੀ ਦ੍ਰਿਸ਼ਟੀਕੋਣ ਅਤੇ ਮਾਰਗਦਰਸ਼ਨ ਕਰਕੇ ਦੇਸ਼ ‘ਵਿਕਸਿਤ ਭਾਰਤ’ ਦੇ ਸੂਫਨੇ ਨੂੰ ਸਾਕਾਰ ਕਰਨ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਸਾਰਿਆਂ ਨੂੰ ਸਨਮਾਨ, ਬਰਾਬਰੀ ਅਤੇ ਆਜ਼ਾਦੀ ਦਾ ਅਧਿਕਾਰ ਦਿੱਤਾ ਹੈ। ਇਹ ਸਾਨੂੰ ਮੌਲਿਕ ਅਧਿਕਾਰ ਦਿੰਦਾ ਹੈ ਅਤੇ ਨਾਲ ਹੀ ਨਾਗਰਿਕ ਵਜੋਂ ਸਾਨੂੰ ਸਾਡੇ ਕਰਤੱਵਾਂ ਦੀ ਯਾਦ ਦਿਵਾਉਂਦਾ ਹੈ, ਜੋ ਇੱਕ ਮਜ਼ਬੂਤ ਲੋਕਤੰਤਰ ਦੀ ਨੀਂਹ ਹਨ। ਇਸ ਦੌਰਾਨ ਪੰਜਾਬ ਦੇ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਪੰਜਾਬ ਰਾਜ ਭਵਨ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਵਿਧਾਨਕ ਸਹੁੰ ਚੁਕਾਈ। ਇਸ ਦੇ ਨਾਲ ਹੀ ਸੈਕਟਰ-9 ਸਥਿਤ ਯੂ ਟੀ ਸਕੱਤਰੇਤ ਵਿੱਚ ਸੰਵਿਧਾਨ ਦਿਵਸ ‘ਹਮਾਰਾ ਸੰਵਿਧਾਨ, ਹਮਾਰਾ ਸਵੈਅਭਿਮਾਨ’ ਥੀਮ ’ਤੇ ਢੁੱਕਵੇਂ ਢੰਗ ਨਾਲ ਮਨਾਇਆ ਗਿਆ।
ਭਾਜਪਾ ਨੇ ਸੰਵਿਧਾਨ ਨੂੰ ਕਮਜ਼ੋਰ ਕੀਤਾ: ਲੱਕੀ
ਚੰਡੀਗੜ੍ਹ ਕਾਂਗਰਸ ਵੱਲੋਂ ਸੈਕਟਰ-35 ਸਥਿਤ ਕਾਂਗਰਸ ਭਵਨ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ ਹੈ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨੇ ਡਾ. ਬੀ ਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ ਐਸ ਲੱਕੀ ਨੇ ਕਿਹਾ ਕਿ ਭਾਜਪਾ ਅਤੇ ਮੋਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਸੰਵਿਧਾਨ ਨੂੰ ਕਮਜ਼ੋਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਵਾਰ-ਵਾਰ ਇਹ ਸਾਬਤ ਕਰ ਚੁੱਕੀ ਹੈ ਕਿ ਉਹ ਸੰਵਿਧਾਨਕ ਸੁਰੱਖਿਆ, ਲੋਕਤੰਤਰੀ ਸੰਸਥਾਵਾਂ ਅਤੇ ਆਜ਼ਾਦੀ, ਸਮਾਨਤਾ ਅਤੇ ਨਿਆਂ ਵਰਗੇ ਬੁਨਿਆਦੀ ਸਿਧਾਂਤਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਜਿਨ੍ਹਾਂ ’ਤੇ ਇਸ ਦੇਸ਼ ਦੀ ਨੀਂਹ ਟਿਕੀ ਹੈ। ਸ੍ਰੀ ਲੱਕੀ ਨੇ ਕਿਹਾ ਕਿ ਸੰਵਿਧਾਨ ਕੇਵਲ ਇੱਕ ਦਸਤਾਵੇਜ਼ ਨਹੀਂ, ਸਗੋਂ ਇੱਕ ਜੀਵੰਤ ਮਾਰਗਦਰਸ਼ਕ ਹੈ, ਜੋ ਹਰ ਨਾਗਰਿਕ ਖ਼ਾਸ ਕਰਕੇ ਸਮਾਜ ਦੇ ਕਮਜ਼ੋਰ ਅਤੇ ਵੰਚਿਤ ਵਰਗਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਸੰਵਿਧਾਨ ਦੇ ਮੁੱਢਲੇ ਮੁੱਲਾਂ ਵਿੱਚ ਤਬਦੀਲੀ ਕਰਨ ਦਾ ਕੋਈ ਵੀ ਯਤਨ ਭਾਰਤ ਦੀ ਲੋਕਤੰਤਰੀ ਪ੍ਰਣਾਲੀ ’ਤੇ ਸਿੱਧਾ ਹਮਲਾ ਹੈ। ਕਾਂਗਰਸ ਪਾਰਟੀ ਅਜਿਹੇ ਹਰ ਕਦਮ ਦਾ ਵਿਰੋਧ ਕਰੇਗੀ।
