ਕਾਂਗਰਸ ਨੇ ਨਿਗਮ ਚੋਣਾਂ ਦੀਆਂ ਖਿੱਚੀਆਂ ਤਿਆਰੀਆਂ
ਚੰਡੀਗੜ੍ਹ ਕਾਂਗਰਸ ਨੇ ਅਗਲੇ ਸਾਲ ਸ਼ਹਿਰ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਹੁਣੇ ਤੋਂ ਤਿਆਰੀ ਵਿੱਢ ਦਿੱਤੀ ਹੈ। ਅੱਜ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ ਐੱਸ ਲੱਕੀ ਅਤੇ ਚੰਡੀਗੜ੍ਹ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਵਾਰਡ ਕੁਆਰਡੀਨੇਟਰਾਂ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਅੱਠ ਘੰਟੇ ਜਾਰੀ ਰਹੀ ਹੈ, ਜਿਸ ਵਿੱਚ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਬਾਰੇ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਾਰਟੀ ਦੇ ਜਥੇਬੰਧਕ ਢਾਂਚੇ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਹਰ ਬੂਥ ’ਤੇ ਪੰਜ-ਪੰਜ ਮੈਂਬਰਾਂ ਦੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ ਐੱਸ ਲੱਕੀ ਨੇ ਕਿਹਾ ਕਿ ਕਾਂਗਰਸ ਵਰਕਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਵੋਟਰਾਂ ਨਾਲ ਨਿੱਜੀ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਭਾਜਪਾ ਦੀ ਲੋਕ ਵਿਰੋਧੀ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਰਣਨੀਤੀ ਤਿਆਰ ਕੀਤੀ ਗਈ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੰਗਠਨਾਤਮਕ ਅਨੁਸ਼ਾਸਨ ਅਤੇ ਡਾਟਾ-ਅਧਾਰਿਤ ਯੋਜਨਾ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ਼ ਚੋਣ ਨਹੀਂ ਲੜ ਰਹੀ, ਇਹ ਇੱਕ ਅੰਦੋਲਨ ਹੈ। ਇਸ ਵਿੱਚ ਚੰਡੀਗੜ੍ਹ ਦੀ ਪਛਾਣ, ਵਿਕਾਸ ਅਤੇ ਲੋਕਤੰਤਰਕ ਆਤਮਾ ਨੂੰ ਮੁੜ ਸਥਾਪਤ ਕਰਨ ਲਈ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁਸ਼ਾਸਨ ਅਤੇ ਅਹੰਕਾਰ ਦੀਆਂ ਨੀਤੀਆਂ ਨੇ ਨਾਗਰਿਕਾਂ ਨੂੰ ਨਿਰਾਸ਼ ਕੀਤਾ ਹੈ, ਜਦਕਿ ਕਾਂਗਰਸ ਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਲਿਆਵੇਗੀ। ਇਸ ਦੌਰਾਨ ਪਾਰਟੀ ਵਰਕਰਾਂ ਨੂੰ ਵਾਰਡ-ਵਾਰ ਵੋਟਰ ਸੰਪਰਕ, ਸੋਸ਼ਲ ਮੀਡੀਆ ਗਤੀਵਿਧੀਆਂ, ਘਰ ਘਰ ਪ੍ਰਚਾਰ ਅਤੇ ਸਥਾਨਕ ਮੁੱਦਿਆਂ ਦੀ ਪਛਾਣ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਲ 2026 ਦੀਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਬਹੁਮਤ ਨਾਲ ਸੱਤਾ ਹਾਸਲ ਕਰੇਗੀ।
 
 
             
            