ਏਸ਼ੀਆਈ ਕੱਪ ’ਚ ਭਾਰਤ-ਪਾਕਿ ਮੈਚ ਖ਼ਿਲਾਫ਼ ਡਟੀ ਕਾਂਗਰਸ
ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਐਡਵੋਕੇਟ ਰਾਜੀਵ ਸ਼ਰਮਾ ਨੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਨੇ ਪਾਕਿਸਤਾਨ ਦੇ ਅਤਿਵਾਦ ਵਿਰੁੱਧ ਸ਼ੁਰੂ ਕੀਤੇ ਅਪਰੇਸ਼ਨ ਸਿੰਧੂਰ ਨੂੰ ਹਾਲੇ ਤੱਕ ਖਤਮ ਨਹੀਂ ਕੀਤਾ ਹੈ ਅਤੇ ਦੂਜੇ ਪਾਸੇ ਦੋਵਾਂ ਦੇਸ਼ਾਂ ਦੇ ਕ੍ਰਿਕੇਟ ਬੋਰਡ ਇਕੱਠੇ ਖੇਡਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦਾ ਮੁੱਖ ਮੁਲਜ਼ਮ ਹਾਲੇ ਤੱਕ ਫੜਿਆ ਨਹੀਂ ਗਿਆ ਹੈ। ਅਜਿਹੇ ਹਾਲਾਤ ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਕ੍ਰਿਕੇਟ ਮੈਚ ਕਰਵਾਉਣਾ ਭਾਰਤ ਦੇ ਕਰੋੜਾ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਹੋਵੇਗਾ।
ਐਡਵੋਕੇਟ ਰਾਜੀਵ ਸ਼ਰਮਾ ਨੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਵਿੱਚ ਭਾਰਤ-ਪਾਕਿਸਤਾਨ ਦੇ ਮੈਚ ਨੂੰ ਰੱਦ ਕਰਵਾਉਣ ਦਾ ਮੁੱਦਾ ਚੁੱਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ-ਪਾਕਿਸਤਾਨ ਵਿਚਾਰ ਹੋਣ ਵਾਲੇ ਮੈਚ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ ਵਿਚਕਾਰ ਮੈਚ ਹੁੰਦਾ ਹੈ ਤਾਂ ਕਾਂਗਰਸ ਪਾਰਟੀ ਉਸ ਵਿਰੁੱਧ ਆਵਾਜ਼ ਬੁਲੰਦ ਕਰੇਗੀ।