ਕਾਂਗਰਸ ਨੇ ਮਨੀਸ਼ ਸਿਸੋਦੀਆ ਖ਼ਿਲਾਫ਼ ਕਾਨੂੰਨੀ ਕਾਰਵਾਈ ਮੰਗੀ
ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਦੇ ਐੱਸਐੱਸਪੀ ਅਤੇ ਡਿਪਟੀ ਕਮਿਸ਼ਨਰ ਦੇ ਨਾਮ ਵਾਲੇ ਪੱਤਰ ਦੋਵੇਂ ਅਧਿਕਾਰੀਆਂ ਦੇ ਨੁਮਾਇੰਦਿਆਂ ਨੂੰ ਸੌਂਪੇ। ਕਾਂਗਰਸ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਦੇ ਸਾਮ,ਦਾਮ,ਦੰਡ, ਭੇਦ, ਸੱਚ, ਝੂਠ ਆਦਿ ਟਿੱਪਣੀਆਂ ਨਾਲ ਦਿੱਤਾ ਗਿਆ ਭਾਸ਼ਨ ਭੜਕਾਊ ਸੀ ਅਤੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਐੱਫਆਈਆਰ ਦਰਜ ਕੀਤੀ ਜਾਵੇ
ਕਾਂਗਰਸ ਨੇ ਮੰਗ ਪੱਤਰ ਵਿਚ ਕਿਹਾ ਕਿ ਇਹ ਬਿਆਨ ਨਾ ਸਿਰਫ ਲੋਕਤੰਤਰ ਤੇ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਸਮਾਜਿਕ ਸਾਂਤੀ ਅਤੇ ਕਾਨੂੰਨੀ ਵਿਵਸਥਾ ਨੂੰ ਵੀ ਖਤਰੇ ਵਿੱਚ ਪਾਉਂਦਾ ਹੈ। ਇਸ ਬਿਆਨ ਦੀ ਵੀਡੀਓ ਕਲਿੱਪ ਸੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜੋ ਕਿ ਸਬੂਤ ਦੇ ਤੌਰ ’ਤੇ ਦਰਜ ਕੀਤੀ ਗਈ ਹੈ।
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਮੰਗ ਕੀਤੀ ਕਿ ਮਾਮਲੇ ਦੀ ਇਮਾਨਦਾਰ ਅਤੇ ਵਿਆਪਕ ਜਾਂਚ ਕੀਤੀ ਜਾਵੇ, ਜਿਸ ਵਿੱਚ ਵੀਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਵੀ ਸ਼ਾਮਿਲ ਹੋਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅਜਿਹੇ ਬਿਆਨਾਂ ’ਤੇ ਰੋਕ ਨਾ ਲਾਈ ਗਈ ਤਾਂ ਇਹ ਆਉਣ ਵਾਲੀਆਂ ਚੋਣਾਂ ਦੌਰਾਨ ਪੰਜਾਬ ਵਿਚ ਸ਼ਾਂਤੀ ਭੰਗ ਕਰਨ ਅਤੇ ਕਾਨੂੰਨ ਵਿਵਸਥਾ ਵਿਗਾੜਨ ਦੇ ਖਤਰੇ ਨੂੰ ਜਨਮ ਦੇ ਸਕਦੇ ਹਨ। ਅਧਿਕਾਰੀਆਂ ਨੂੰ ਮਿਲੇ ਵਫ਼ਦ ਵਿਚ ਜਸਵਿੰਦਰ ਸਿੰਘ ਗੋਲਡੀ, ਰਮਾ ਕਾਂਤ ਕਾਲੀਆ, ਦਿਨੇਸ਼ ਗੌਤਮ, ਪਰਵਿੰਦਰ ਸਿੰਘ ਸੈਣੀ, ਸੰਜੀਵ ਟੰਡਨ, ਪਰਮਜੀਤ ਸਿੰਘ ਚੌਹਾਨ, ਇੰਦਰਜੀਤ ਸਿੰਘ ਖੋਖਰ ਆਦਿ ਸ਼ਾਮਲ ਸਨ।