ਕਾਂਗਰਸ ਵੱਲੋਂ ਡੱਡੂਮਾਜਰਾ ਵਿੱਚ ਖਸਤਾ ਹਾਲ ਸੜਕਾਂ ਖ਼ਿਲਾਫ਼ ਪ੍ਰਦਰਸ਼ਨ
ਸਡ਼ਕਾਂ ਦੀ ਖਸਤਾ ਹਾਲਤ ਲਈ ਭਾਜਪਾ ਦੀ ਅਗਵਾਈ ਵਾਲਾ ਨਿਗਮ ਜ਼ਿੰਮੇਵਾਰ: ਲੱਕੀ
Advertisement
ਚੰਡੀਗੜ੍ਹ ਕਾਂਗਰਸ ਵੱਲੋਂ ਅੱਜ ਡੱਡੂਮਾਜਰਾ ਕਲੋਨੀ ਵਿੱਚ ਸੜਕਾਂ ਦੀ ਖਸਤਾ ਹਾਲਤ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਰਹੇ, ਜਿਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੇ ਨਗਰ ਨਿਗਮ ਵਿਰੁੱਧ ਨਾਅਰੇਬਾਜੀ ਕੀਤੀ। ਇਸ ਦੌਰਾਨ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਹੱਥਾਂ ਵਿੱਚ ਤਖ਼ਤੀਆਂ, ਝੰਡੇ ਅਤੇ ਬੈਨਰ ਲੈ ਕੇ ਮਾਰਚ ਕੀਤਾ ਗਿਆ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਡੱਡੂਮਾਜਰਾ ਕਲੋਨੀ ਦੇ ਲੋਕ ਕਈ ਸਾਲਾਂ ਤੋਂ ਟੁੱਟੀਆਂ-ਫੁੱਟੀਆਂ, ਖੱਡਿਆਂ ਨਾਲ ਭਰੀਆਂ ਸੜਕਾਂ ਦੀ ਸਜ਼ਾ ਭੁਗਤ ਰਹੇ ਹਨ, ਜਿਨ੍ਹਾਂ ਦੀ ਸਮੇਂ ’ਤੇ ਮੁਰੰਮਤ ਨਹੀਂ ਹੋਈ। ਇਸ ਕਾਰਨ ਰੋਜ਼ਾਨਾ ਕਈ ਹਾਦਸੇ ਵਾਪਰਦੇ ਹਨ, ਜਿਸ ਵਿੱਚ ਲੋਕ ਜ਼ਖ਼ਮੀ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਹਾਲ ਪੂਰੇ ਸ਼ਹਿਰ ਦਾ ਹੈ ਅਤੇ ਇਸ ਲਈ ਭਾਜਪਾ ਦੀ ਅਗਵਾਈ ਵਾਲੀ ਨਗਰ ਨਿਗਮ ਜ਼ਿੰਮੇਵਾਰ ਹੈ। ਸ੍ਰੀ ਲੱਕੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਨਗਰ ਨਿਗਮ ਦੇ ਕੋਲ 500 ਕਰੋੜ ਰੁਪਏ ਤੋਂ ਵੱਧ ਦੀ ਫਿਕਸਡ ਡਿਪਾਜ਼ਿਟ ਰਕਮ ਸੀ, ਜਿਸ ਨਾਲ ਵਿਕਾਸ ਕਾਰਜਾਂ ਨੂੰ ਸਿਰੇ ਚਾੜ੍ਹਿਆ ਜਾ ਸਕਦਾ ਸੀ ਪਰ ਅੱਜ ਭਾਜਪਾ ਦੀ ਅਗਵਾਈ ਹੇਠ ਨਿਗਮ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਮੁੱਢਲੀਆਂ ਨਾਗਰਿਕ ਸੁਵਿਧਾਵਾਂ ਤੱਕ ਮੁਹੱਈਆ ਕਰਨ ਵਿੱਚ ਅਸਮਰਥ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਵਿੱਚੋਂ 9 ਮੇਅਰ ਭਾਜਪਾ ਦੇ ਰਹੇ ਹਨ ਅਤੇ ਉਨ੍ਹਾਂ ਦੇ ਗਲਤ ਫ਼ੈਸਲਿਆਂ, ਗਲਤ ਤਰਜੀਹਾਂ ਅਤੇ ਵਿੱਤੀ ਗੜਬੜਾਂ ਨੇ ਨਗਰ ਨਿਗਮ ਨੂੰ ਤਬਾਹੀ ਦੇ ਕਿਨਾਰੇ ਪਹੁੰਚਾ ਦਿੱਤਾ ਹੈ। ਉਨ੍ਹਾਂ ਨੇ ਭਾਜਪਾ ਨੂੰ ਹਾਲ ਹੀ ਵਿੱਚ ਕੇਂਦਰ ਸਰਕਾਰ ਤੋਂ ਮਿਲੇ 125 ਕਰੋੜ ਰੁਪਏ ਦਾ ਕ੍ਰੈਡਿਟ ਲੈਣ ਦੀ ਨਿਖੇਧੀ ਕੀਤੀ ਹੈ। ਕਾਂਗਰਸ ਦੇ ਰਾਜ ਵਿੱਚ ਅਜਿਹੀ ਰਾਸ਼ੀਆਂ ਕਈ ਵਾਰ ਮਿਲਦੀਆਂ ਸਨ, ਪਰ ਕਾਂਗਰਸ ਨੇ ਇਸ ਨੂੰ ਕਦੇ ਪ੍ਰਚਾਰ ਦਾ ਹਥਿਆਰ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਇਹ ਪੈਸਾ ਸਿਰਫ਼ ਵਿਕਾਸ ਕਾਰਜਾਂ ’ਤੇ ਖਰਚ ਹੋਣਾ ਚਾਹੀਦਾ ਹੈ, ਨਾ ਕਿ ਬਕਾਇਆ ਦੇਣਦਾਰੀਆਂ ਚੁਕਾਉਣ ਵਿੱਚ ਵਰਤਿਆ ਜਾਵੇ।
ਚੰਡੀਗੜ੍ਹ ਕਾਂਗਰਸ ਦੇ ਸਕੱਤਰ ਨਰਿੰਦਰ ਚੌਧਰੀ ਨੇ ਕਿਹਾ ਕਿ ਕਲੋਨੀ ਦੀਆਂ ਸੜਕਾਂ ਵਿੱਚ ਦੋ-ਦੋ ਫੁੱਟ ਦੇ ਖੱਡੇ ਪੈਣ ਕਰਕੇ ਸਕੂਲ ਦੇ ਬੱਚਿਆਂ ਨੂੰ ਆ ਰਹੀ ਮੁਸ਼ਕਲ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਕ ਨੂੰ ਕਈ ਵਾਰ ਚਿੱਠੀ ਲਿਖੀ ਗਈ ਹੈ, ਪਰ ਕੋਈ ਸੁਧਾਰ ਨਹੀਂ ਹੋਇਆ ਹੈ। ਚੰਡੀਗੜ੍ਹ ਕਾਂਗਰਸ ਦੇ ਆਗੂਆਂ ਅਤੇ ਇਲਾਕਾ ਵਾਸੀਆਂ ਨੇ ਕਿਹਾ ਕਿ ਜੇਕਰ ਮੌਨਸੂਨ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦਾ ਕਾਰਜ ਸ਼ੁਰੂ ਨਾ ਕੀਤਾ ਗਿਆ ਤਾਂ ਕਾਂਗਰਸ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।
Advertisement
Advertisement