ਕਾਂਗਰਸ ਵੱਲੋਂ ਡੇਰਾਬੱਸੀ ਨਗਰ ਕੌਂਸਲ ਖ਼ਿਲਾਫ਼ ਮੁਜ਼ਾਹਰਾ
ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਡੇਰਾਬੱਸੀ ਵਿੱਚ ਨਗਰ ਕੌਂਸਲ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਹ ਮੁਜ਼ਾਹਰਾ ਡੀ.ਏ.ਵੀ. ਸਕੂਲ ਨੇੜੇ ਉਸ ਚੌਕ ’ਚ ਕੀਤਾ ਗਿਆ ਜਿੱਥੇ ਹਾਲ ਹੀ ਵਿੱਚ ਨਗਰ ਕੌਂਸਲ ਵੱਲੋਂ ਪ੍ਰੋਗਰੈਸਿਵ ਡੇਰਾਬੱਸੀ ਦਾ ਬੋਰਡ ਲਗਾ ਕੇ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣਾ ਚੰਗੀ ਗੱਲ ਹੈ ਪਰ ਸਰਕਾਰ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਖਸਤਾ ਹਾਲ ਸੜਕਾਂ ਦੀ ਮੁਰੰਮਤ ਕਰਨਾ ਲੋਕਾਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਹ ਬੋਰਡ ਲਗਾਇਆ ਗਿਆ ਹੈ, ਉੱਥੇ ਹੀ ਮੁਬਾਰਕਪੁਰ ਨੂੰ ਜਾਣ ਵਾਲੀ ਸੜਕ ਖੱਡਿਆਂ ਨਾਲ ਭਰੀ ਪਈ ਹੈ।
ਸ੍ਰੀ ਢਿੱਲੋਂ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਡੇਰਾਬੱਸੀ ਦੀ ਜਨਤਾ ਹਰ ਰੋਜ਼ ਟੁੱਟੀਆਂ ਸੜਕਾਂ ’ਤੇ ਧੂੜ, ਮਿੱਟੀ ਅਤੇ ਟਰੈਫਿਕ ਜਾਮ ਦਾ ਸਾਹਮਣਾ ਕਰਦੀ ਹੈ। ਮੀਂਹ ਦੇ ਦਿਨਾਂ ਵਿੱਚ ਇਹ ਸੜਕਾਂ ਖੱਡਿਆਂ ਕਾਰਨ ਪਾਣੀ ਨਾਲ ਭਰ ਜਾਂਦੀਆਂ ਹਨ ਅਤੇ ਗੁਜ਼ਰਨਾ ਮੁਸ਼ਕਲ ਹੋ ਜਾਂਦਾ ਹੈ। ਇਸਦੇ ਬਾਵਜੂਦ ਨਗਰ ਕੌਂਸਲ ਅਤੇ ਸਰਕਾਰ ਚੁੱਪ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਛੇਤੀ ਹੀ ਸੜਕਾਂ ਦੀ ਹਾਲਤ ਸੁਧਾਰਨ ਲਈ ਕੋਈ ਢੰਗ ਦਾ ਕਦਮ ਨਾ ਚੁੱਕਿਆ ਗਿਆ ਤਾਂ ਕਾਂਗਰਸ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇੇ ਜਸਪ੍ਰੀਤ ਲੱਕੀ, ਚਮਨ ਸੈਣੀ, ਬੰਟੀ ਰਾਣਾ, ਮੁਕੇਸ਼ ਰਾਘਵ, ਅੰਕਿਤ ਜੈਨ, ਕਾਂਗਰਸ ਦੇ ਕੌਂਸਲਰ ਅਤੇ ਵਰਕਰ ਵੀ ਹਾਜ਼ਰ ਸਨ। ਧਰਨਾਕਾਰੀਆਂ ਨੇ ਕਿਹਾ ਕਿ ਡੇਰਾਬੱਸੀ ਵਿੱਚ ਵਿਕਾਸ ਦੇ ਨਾਮ ’ਤੇ ਸਿਰਫ਼ ਦਿਖਾਵਾ ਕੀਤਾ ਜਾ ਰਿਹਾ ਹੈ।