ਭਾਖੜਾ ਤੇ ਨੰਗਲ ਡੈਮ ’ਤੇ ਸੀਆਈਐੱਸਐੱਫ ਦੀ ਤਾਇਨਾਤੀ ਦਾ ਕਾਂਗਰਸ ਵੱਲੋਂ ਵਿਰੋਧ
ਕਾਂਗਰਸ ਪਾਰਟੀ ਨੇ ਭਾਖੜਾ ਡੈਮ ਅਤੇ ਨੰਗਲ ਡੈਮ ’ਤੇ ਸੀਆਈਐੱਸਐੱਫ ਦੀ ਤਾਇਨਾਤੀ ਦਾ ਵਿਰੋਧ ਕੀਤਾ ਹੈ। ਡੀਆਈਜੀ ਰੈਂਕ ਦੇ ਅਧਿਕਾਰੀ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਲੈ ਕੇ ਦੋਵਾਂ ਡੈਮਾਂ ’ਤੇ ਅੱਜ ਦੋ ਦਿਨ ਦੇ ਦੌਰੇ ਲਈ ਪਹੁੰਚ ਚੁੱਕੇ ਹਨ। ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਇਸ ਦਾ ਵਿਰੋਧ ਕਰਦਿਆਂ ਇਸ ਨੂੰ ਦੋਵਾਂ ਡੈਮਾਂ ’ਤੇ ਤਾਇਨਾਤ ਕਰਨਾ ਮੰਦਭਾਗਾ ਕਰਾਰ ਦਿੱਤਾ।
ਉਨ੍ਹਾਂ ਸਵਾਲ ਕੀਤਾ ਕਿ ਹਰਿਆਣਾ ਨੂੰ ਪਾਣੀ ਦੇਣ ਅਤੇ ਸੀਆਈਐੱਸਐੱਫ ਦੀ ਤਾਇਨਾਤੀ ਦਾ ਵਿਰੋਧ ਕਰਨ ਵਾਲੀ ਪੰਜਾਬ ਸਰਕਾਰ ਹੁਣ ਕਿਥੇ ਹੈ। ਉਨ੍ਹਾਂ ਕਿਹਾ ਕਿ ਇਹ ਸਭ ਭਗਵੰਤ ਮਾਨ ਸਰਕਾਰ ਤੇ ਕੇਂਦਰ ਦੀ ਮਿਲੀਭੁਗਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਪੰਜਾਬ ਵਿੱਚ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਮੁੱਖ ਮੰਤਰੀ ਭਗਵੰਤ ਮਾਨ ਵੀ ਕੇਜਰੀਵਾਲ ਦਾ ਹੱਥ ਠੋਕਾ ਬਣ ਗਏ ਹਨ। ਉਨ੍ਹਾਂ ਕਿਹਾ ਕਿ ਜੇ ਇਥੇ ਕੇਂਦਰ ਬਲ ਤਾਇਨਾਤ ਹੁੰਦੇ ਹਨ ਤਾਂ ਗ਼ਰੀਬਾਂ ਦੀ ਰੋਜ਼ੀ-ਰੋਟੀ ਖੁੱਸੇਗੀ। ਜਿਨ੍ਹਾਂ ਨੇ ਬੀਬੀਐੱਮਬੀ ਵਿਭਾਗ ਦੀ ਜ਼ਮੀਨਾਂ ’ਤੇ ਆਪਣਾ ਕਾਰੋਬਾਰ ਚਲਾਇਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਬਲ ਵੱਲੋਂ ਇਹ ਸਾਰੇ ਕੰਮ ਬੰਦ ਕੀਤੇ ਜਾਣਗੇ। ਲੀਜ਼ ’ਤੇ ਦਿੱਤੀਆਂ ਜ਼ਮੀਨਾਂ ਨੂੰ ਬੀਬੀਐੱਮਬੀ ਆਪਣੇ ਕਬਜ਼ੇ ਵਿੱਚ ਲੈ ਲਵੇਗੀ। ਉਨ੍ਹਾਂ ਹਲਕੇ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਸਮੇਤ ਹੋਰ ‘ਆਪ’ ਆਗੂਆਂ ਨੂੰ ਸਵਾਲ ਕੀਤਾ ਕਿ ਹੁਣ ਉਹ ਕਿਥੇ ਹਨ ਜਿਹੜੇ ਸੀਆਈਐੱਸਐੱਫ ਦੀ ਤਾਇਨਾਤੀ ਤੇ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ ਕਰਦੇ ਹਨ।