ਰੱਦ ਕੀਤੇ ਕਾਗਜ਼ਾਂ ਦੀ ਕਾਪੀ ਜਾਰੀ ਨਾ ਕਰਨ ’ਤੇ ਕਾਂਗਰਸੀ ਆਗੂ ਵੱਲੋਂ ਆਤਮਦਾਹ ਦੀ ਕੋਸ਼ਿਸ਼
ਇੱਥੇ ਅੱਜ ਦੁਪਹਿਰ ਵੇਲੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਾਇਨਾਤ ਰਿਟਰਨਿੰਗ ਅਫਸਰ ਅਰਸ਼ਦੀਪ ਸਿੰਘ ਦੇ ਦਫ਼ਤਰ ਅੱਗੇ ਉਸ ਵੇਲੇ ਤਣਾਅ ਪੈਦਾ ਹੋ ਗਿਆ, ਜਦੋਂ ਠਾਣਾ ਪੰਚਾਇਤ ਸਮਿਤੀ ਠਾਣਾ ਜ਼ੋਨ ਤੋਂ ਕਾਂਗਰਸ ਉਮੀਦਵਾਰ ਹਰਦਿਆਲ ਸਿੰਘ ਖੱਟੜਾ ਦੇ ਪੱਤਰ ਖੇਡ ਮੈਦਾਨ ’ਤੇ ਕਬਜ਼ੇ ਦੇ ਦੋਸ਼ ਲਗਾ ਕੇ ਰੱਦ ਕਰ ਦਿੱਤੇ ਗਏ। ਇਸ ਦੌਰਾਨ ਹਰਦਿਆਲ ਨੂੰ ਇਸ ਦੀ ਕਾਪੀ ਨਾ ਦੇਣ ’ਤੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਤੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਥੇ ਤਾਇਨਾਤ ਪੁਲੀਸ ਕਰਮਚਾਰੀਆਂ ਤੇ ਕੌਮੀ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਅਫਸਲ ਬਣਾ ਦਿੱਤਾ। ਕਾਂਗਰਸੀ ਆਗੂ ਖੱਟੜਾ ਨੇ ਕਿਹਾ ਕਿ ਉਹ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ ਅਤੇ ਰੱਦ ਕੀਤੇ ਗਏ ਨੋਟਿਸ ਦੀ ਅਧਿਕਾਰਤ ਕਾਪੀ ਲੈਣ ਲਈ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਨਿਰੰਤਰ ਆਰ.ਓ.-ਆਰ.ਟੀ.ਓ. ਅਰਸ਼ਦੀਪ ਸਿੰਘ ਤੋਂ ਦਸਤਾਵੇਜ਼ ਜਾਰੀ ਕਰਨ ਦੀ ਮੰਗ ਕਰਦੇ ਰਹੇ ਸਨ ਪਰ ਦਫ਼ਤਰ ਵੱਲੋਂ ਟਾਲਮਟੋਲ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਈ ਕਬਜ਼ਾ ਨਹੀਂ ਕੀਤਾ।
ਸਥਿਤੀ ਨੂੰ ਸ਼ਾਂਤ ਕਰਨ ਤੋਂ ਬਾਅਦ ਥਾਣਾ ਮੁਖੀ ਰੋਹਿਤ ਸ਼ਰਮਾ, ਪੰਜਾਬ ਮੋਰਚਾ ਦੀ ਕਨਵੀਨਰ ਗੌਰਵ ਰਾਣਾ ਅਤੇ ਸੰਘਰਸ਼ ਕਰ ਰਹੇ ਆਗੂਆਂ ਦੀ ਆਰ.ਓ. ਅਰਸ਼ਦੀਪ ਸਿੰਘ ਨਾਲ ਮੀਟਿੰਗ ਹੋਈ। ਸ਼ਾਮ ਵੇਲੇ ਹਰਦਿਆਲ ਸਿੰਘ ਖੱਟੜਾ ਨੂੰ ਦਫ਼ਤਰ ਬੁਲਾ ਕੇ ਰੱਦ ਕੀਤੇ ਗਏ ਕਾਗਜ਼ਾਂ ਦੀ ਕਾਪੀ ਜਾਰੀ ਕਰ ਦਿੱਤੀ ਗਈ।
