ਕਾਂਗਰਸ ਵੱਲੋਂ ਮੌਲੀ ਜੱਗਰਾਂ ਵਿੱਚ ‘ਵੋਟ ਚੋਰ, ਗੱਦੀ ਛੋੜ’ ਰੈਲੀ
ਚੋਣ ਕਮਿਸ਼ਨ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਪੂਰੀ ਕਰਨ ਵਿੱਚ ਅਸਫ਼ਲ ਰਿਹਾ: ਰਜਨੀ ਪਾਟਿਲ
Advertisement
ਚੰਡੀਗੜ੍ਹ ਕਾਂਗਰਸ ਵੱਲੋਂ ਦੇਸ਼ ਵਿੱਚ ਸੰਵਿਧਾਨ ਦੀ ਰਾਖੀ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਚੰਡੀਗੜ੍ਹ ਵਿਕਾਸ ਨਗਰ ਮੌਲੀ ਜੱਗਰਾਂ ਵਿੱਚ ‘ਵੋਟ ਚੋਰ, ਗੱਦੀ ਛੋੜ’ ਰੈਲੀ ਕੀਤੀ। ਇਸ ਦੌਰਾਨ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਰਜਨੀ ਪਾਟਿਲ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਰਜਨੀ ਪਾਟਿਲ ਨੇ ਚੋਣ ਕਮਿਸ਼ਨ ਤੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਪੂਰੀ ਕਰਨ ਵਿੱਚ ਅਸਫ਼ਲ ਰਿਹਾ ਹੈ, ਜਿਸ ਨੇ ਵੋਟਰ ਡਾਟਾ ਵਿੱਚ ਹੇਰਾਫੇਰੀ ਦੀ ਇਜਾਜ਼ਤ ਦੇ ਕੇ ਲੋਕਤੰਤਰ ਦੀ ਨੀਂਹ ਨੂੰ ਖੋਖਲਾ ਕਰ ਦਿੱਤਾ ਹੈ। ਇਹ ਇੱਕ ਗਲਤੀ ਨਹੀਂ ਹੈ ਬਲਕਿ ਦੇਸ਼ ਦੇ ਕਰੋੜਾਂ ਲੋਕਾਂ ਨਾਲ ਕੀਤਾ ਗਿਆ ਅਪਰਾਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਾਂਗਰਸ ਦੇ ਕੌਮੀ ਸਕੱਤਰ ਵਿਦਿਤ ਚੌਧਰੀ ਨੇ ਕਿਹਾ ਕਿ ਕਾਂਗਰਸ ਦਾ ਇਹ ਅੰਦੋਲਨ ਕੋਈ ਰਾਜਨੀਤਕ ਮੌਕਾਪ੍ਰਸਤੀ ਨਹੀਂ ਹੈ ਸਗੋਂ ਭਾਰਤ ਦੇ ਲੋਕਤੰਤਰ ਦੀ ਆਤਮਾ ਦੀ ਲੜਾਈ ਹੈ। ਉਨ੍ਹਾਂ ਚੋਣ ਸੁਧਾਰਾਂ ਦੀ ਸਖ਼ਤ ਲੋੜ, ਡਾਟਾ ਹੇਰਾਫੇਰੀ ’ਤੇ ਪਾਬੰਦੀ ਅਤੇ ਜਨ ਮੰਡੇਟ ਨਾਲ ਛੇੜਛਾੜ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਵੱਡੀ ਗਿਣਤੀ ਵਿੱਚ ਆਗੂ ਅਤੇ ਚੰਡੀਗੜ੍ਹ ਦੇ ਲੋਕ ਮੌਜੂਦ ਰਹੇ।
ਭਾਜਪਾ ਨੇ ਦੇਸ਼ ਵਿੱਚ ਲੋਕਤਤਰੀ ਚੋਣ ਪ੍ਰਕਿਰਿਆ ਦਾ ਘਾਣ ਕੀਤਾ: ਤਿਵਾੜੀ
Advertisementਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਜਪਾ ਨੇ ਦੇਸ਼ ਵਿੱਚ ਲੋਕਤੰਤਰੀ ਚੋਣ ਪ੍ਰਕਿਰਿਆ ਦਾ ਕੀਤਾ ਘਾਣ ਕੀਤਾ ਹੈ। ਜਦੋਂ ਨਾਗਰਿਕਾਂ ਨੂੰ ਇਹ ਭਰੋਸਾ ਹੀ ਨਾ ਰਹੇ ਕਿ ਉਨ੍ਹਾਂ ਦਾ ਵੋਟ ਗਿਣਿਆ ਜਾ ਰਿਹਾ ਹੈ ਤਾਂ ਲੋਕਤੰਤਰ ਖ਼ਤਰੇ ਵਿੱਚ ਹੈ। ਇਹ ਸਿਰਫ਼ ਇੱਕ ਚੋਣ ਦੀ ਗੱਲ ਨਹੀਂ, ਇਹ ਸਾਡੇ ਗਣਰਾਜ ਦੇ ਭਵਿੱਖ ਦਾ ਮੁੱਦਾ ਹੈ। ਕਾਂਗਰਸ ਪਾਰਟੀ ਉਦੋਂ ਤੱਕ ਸੰਘਰਸ਼ ਜਾਰੀ ਰੱਖੇਗੀ, ਜਦੋਂ ਤੱਕ ਸੱਚ ਸਾਹਮਣੇ ਨਹੀਂ ਆਉਂਦਾ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ. ਐੱਸ. ਲੱਕੀ ਨੇ ਕਿਹਾ ਕਿ ਭਾਜਪਾ ਵੱਲੋਂ ਦੇਸ਼ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂਕਿ ਕਾਂਗਰਸ ਵੱਲੋਂ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲਿਆਂ ਦਾ ਖੁਲਾਸਾ ਕੀਤਾ ਜਾਵੇਗਾ।
Advertisement