ਕਾਂਗਰਸੀ ਕੌਂਸਲਰਾਂ ਨੇ ਨਿਗਮ ਦਫ਼ਤਰ ਘੇਰਿਆ
ਮਨੀਮਾਜਰਾ ਵਿੱਚ ਮਕਾਨਾਂ ਦੀ ਐੱਨ ਓ ਸੀ ਜਾਰੀ ਨਾ ਹੋਣ, ਪਾਣੀ ਦੇ ਪੱਕੇ ਕੁਨੈਕਸ਼ਨ ਨਾ ਮਿਲਣ, ਟੁੱਟੀਆਂ ਹੋਈਆਂ ਸੜਕਾਂ ਅਤੇ ਦੂਸ਼ਿਤ ਪਾਣੀ ਵਰਗੇ ਮੁੱਦਿਆਂ ’ਤੇ ਕਾਂਗਰਸੀ ਕੌਂਸਲਰਾਂ ਨੇ ਮਨੀਮਾਜਰਾ ਸਥਿਤ ਨਗਰ ਨਿਗਮ ਦੇ ਸਬ-ਆਫਿਸ ਅੱਗੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚ ਐੱਸ ਲੱਕੀ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸੁਰਜੀਤ ਸਿੰਘ ਢਿੱਲੋਂ ਅਤੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਗਾਬਾ ਵੀ ਸ਼ਾਮਲ ਹੋਏ।
ਪ੍ਰਦਰਸ਼ਨਕਾਰੀਆਂ ਨੇ ਭਾਜਪਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 24 ਘੰਟੇ ਪਾਣੀ ਦੀ ਸਪਲਾਈ ਵਾਲੇ ਪ੍ਰਾਜੈਕਟ ਦੀ ਨਾਕਾਮੀ ਖ਼ਿਲਾਫ਼ ਵੀ ਲੋਕਾਂ ਨੇ ਰੋਸ ਜਤਾਇਆ।
ਬੁਲਾਰਿਆਂ ਨੇ ਕਿਹਾ ਕਿ ਮਨੀਮਾਜਰਾ ਦੀ ਪੁਰਾਣੀ ਆਬਾਦੀ ਵਿੱਚ ਐੱਨ ਓ ਸੀ ਲੈਣ ਲਈ ਕੰਪਲੀਸ਼ਨ ਸਰਟੀਫਿਕੇਟ ਦੀ ਸ਼ਰਤ ਲਗਾਉਣਾ ਬੇਤੁਕਾ ਅਤੇ ਲੋਕ ਹਿੱਤਾਂ ਖ਼ਿਲਾਫ਼ ਹੈ। ਐੱਨ ਓ ਸੀ ਨਾ ਮਿਲਣ ਕਰਕੇ ਲੋਕ ਨਾ ਆਪਣੇ ਘਰ ਵੇਚ ਸਕਦੇ ਹਨ ਅਤੇ ਨਾ ਹੀ ਨਵੇਂ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਪਾਣੀ ਦੇ ਨਵੇਂ ਕੁਨੈਕਸ਼ਨ ਵੀ ਇਸੇ ਸਰਟੀਫਿਕੇਟ ਦੀ ਵਜ੍ਹਾ ਕਰਕੇ ਰੋਕੇ ਹੋਏ ਹਨ। ਕਈ ਇਲਾਕਿਆਂ ਵਿੱਚ ਦੂਸ਼ਿਤ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਜੋ ਕਿ ਬੜਾ ਗੰਭੀਰ ਮਸਲਾ ਹੈ।
ਉਨ੍ਹਾਂ ਮੰਗ ਰੱਖੀ ਕਿ ਮਨੀਮਾਜਰਾ ਸਬ-ਆਫਿਸ ਵਿੱਚ ਘੱਟੋ-ਘੱਟ ਚਾਰ ਦਿਨ ਨਗਰ ਨਿਗਮ ਦੇ ਅਧਿਕਾਰੀਆਂ ਦਾ ਬੈਠਣਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਅਧਿਕਾਰੀਆਂ ਦੀ ਗੈਰ-ਮੌਜੂਦਗੀ ਕਰਕੇ ਲੋਕਾਂ ਦੇ ਕੰਮਾਂ ਵਿੱਚ ਦੇਰੀ ਨਾ ਹੋ ਸਕੇ।
ਕਾਂਗਰਸ ਪ੍ਰਧਾਨ ਐੱਚ ਐੱਸ ਲੱਕੀ ਨੇ ਭਾਜਪਾ ਸ਼ਾਸਤ ਨਗਰ ਨਿਗਮ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਨਗਰ ਨਿਗਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਨਾ ਤਾਂ ਸੜਕਾਂ ਦੀ ਮੁਰੰਮਤ ਹੋ ਰਹੀ ਹੈ, ਨਾ ਐੱਨ ਓ ਸੀ ਜਾਰੀ ਹੋ ਰਹੀ ਹੈ ਅਤੇ ਨਾ ਹੀ ਲੋਕਾਂ ਨੂੰ ਪਾਣੀ ਵਰਗੀ ਬੁਨਿਆਦੀ ਸਹੂਲਤ ਮਿਲ ਰਹੀ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਨੀਮਾਜਰਾ ਖੇਤਰ ਦੇ ਲੋਕ ਕਈ ਮਹੀਨਿਆਂ ਤੋਂ ਆਪਣੀਆਂ ਸਮੱਸਿਆਵਾਂ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਰਕੇ ਅੱਜ ਸੜਕਾਂ ’ਤੇ ਉਤਰਨਾ ਪਿਆ। ਕੌਂਸਲਰ ਦਰਸ਼ਨਾ ਰਾਣੀ ਨੇ ਕਿਹਾ ਕਿ ਨਿਗਮ ਦੀ ਹਾਊਸ ਮੀਟਿੰਗ ਵਿੱਚ ਵੀ ਕਈ ਵਾਰ ਮੁੱਦੇ ਚੁੱਕੇ ਜਾਣ ਦੇ ਬਾਵਜੂਦ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਸਾਬਕਾ ਮੇਅਰ ਗੁਰਚਰਨ ਦਾਸ ਕਾਲ਼ਾ, ਸਾਬਕਾ ਮੇਅਰ ਸੁਰਿੰਦਰ ਸਿੰਘ ਅਤੇ ਨਰਿੰਦਰ ਸਿੰਘ ਨੰਦੀ ਹਾਜ਼ਰ ਸਨ।
ਜੁਆਇੰਟ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
ਰੋਸ ਪ੍ਰਦਰਸ਼ਨ ਉਪਰੰਤ ਕਾਂਗਰਸ ਦੇ ਵਫ਼ਦ ਵੱਲੋਂ ਜੁਆਇੰਟ ਕਮਿਸ਼ਨਰ ਡਾ. ਇੰਦਰਜੀਤ ਨੂੰ ਮੰਗ ਪੱਤਰ ਵੀ ਸੌਂਪਿਆ, ਜਿਸ ਉਪਰੰਤ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਵਫ਼ਦ ਨੇ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਵਿੱਚ ਮੰਗਾਂ ’ਤੇ ਕੋਈ ਕਾਰਵਾਈ ਨਾ ਹੋਈ ਤਾਂ ਮਨੀਮਾਜਰਾ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
