ਸਵਿੱਤਰੀ ਗ੍ਰੀਨ ਸੁਸਾਇਟੀ ਦੇ ਬਿਲਡਰਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ
ਇਥੋਂ ਦੇ ਪਿੰਡ ਗਾਜ਼ੀਪੁਰ ਵਿੱਚ ਸਥਿਤ ਸਾਬਕਾ ਹਲਕਾ ਵਿਧਾਇਕ ਦੀ ਸਵਿੱਤਰੀ ਗ੍ਰੀਨਜ਼-2 ਸੁਸਾਇਟੀ ਵਾਸੀਆਂ ਅਤੇ ਬਿਲਡਰ ਵਿਚਕਾਰ ਵਿਵਾਦ ਕਾਫੀ ਵਧ ਗਿਆ ਹੈ। ਸੁਸਾਇਟੀ ਵਾਸੀ ਬੀਤੇ ਸਮੇਂ ਤੋਂ ਮੰਗਾਂ ਮਨਵਾਉਣ ਲਈ ਬਿਲਡਰ ਖ਼ਿਲਾਫ਼ ਧਰਨਾ ਦੇ ਰਹੇ ਹਨ। ਇਸ ਦੌਰਾਨ ਅੱਜ ਉਨ੍ਹਾਂ ਦੀ ਬਿਲਡਰ ਅਤੇ ਸਾਬਕਾ ਵਿਧਾਇਕ ਦੇ ਭਰਾਵਾਂ ਨਾਲ ਤਕਰਾਰ ਹੋ ਗਈ। ਇਸ ਦੌਰਾਨ ਦੋਵਾਂ ਨੇ ਇਕ ਦੂਜੇ ’ਤੇ ਕੁੱਟਮਾਰ ਦੇ ਦੋਸ਼ ਲਾਏ ਹਨ। ਦੋਵਾਂ ਧਿਰਾਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਸੁਸਾਇਟੀ ਵਾਸੀਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਆਪਣੀ ਮੰਗਾਂ ਲਈ ਹਰ ਐਤਵਾਰ ਧਰਨਾ ਲਾਉਂਦੇ ਹਨ, ਇਸ ਦੌਰਾਨ ਪਰਮਿੰਦਰ ਸ਼ਰਮਾ, ਯਾਦਵਿੰਦਰ ਸ਼ਰਮਾ ਅਤੇ ਧਰਮਿੰਦਰ ਸ਼ਰਮਾ ਨੇ ਆਪਣੇ ਸਾਥੀਆਂ ਸਣੇ ਉਨ੍ਹਾਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਔਰਤਾਂ ਨਾਲ ਵੀ ਬਦਸਲੂਕੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਲਡਰ ਵੱਲੋਂ ਫਲੈਟ ਵੇਚਦੇ ਹੋਏ ਵੱਡੀਆਂ-ਵੱਡੀਆਂ ਸਹੂਲਤਾਂ ਦੇਣ ਦਾ ਵਾਅਦੇ ਕੀਤੇ ਗਏ ਸਨ, ਜਿਸ ਨੂੰ ਉਹ ਪੂਰਾ ਨਹੀਂ ਕਰ ਰਹੇ। ਦੂਜੇ ਪਾਸੇ ਬਿਲਡਰ ਯਾਦਵਿੰਦਰ ਸ਼ਰਮਾ ਨੇ ਕਿਹਾ ਕਿ ਇਸ ਸੁਸਾਇਟੀ ਵਿੱਚ 1200 ਦੇ ਕਰੀਬ ਫਲੈਟ ਹਨ, ਜਿਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ, ਸਿਰਫ਼ ਦੋ ਦਰਜਨ ਦੇ ਕਰੀਬ ਕੁਝ ਸ਼ਰਾਰਤੀ ਲੋਕ ਸਿਆਸੀ ਸ਼ਹਿ ’ਤੇ ਜਾਣਬੁੱਝ ਕੇ ਮਹੀਨਾਵਾਰ ਮੈਨਟੇਨਸ ਫੀਸ ਨਹੀਂ ਦੇ ਰਹੇ ਹਨ, ਜਿਨ੍ਹਾਂ ਤੋਂ ਫੀਸ ਮੰਗਣ ’ਤੇ ਉਹ ਧਰਨਾ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਅੱਜ ਸੀਵਰੇਜ ਦੀ ਪਾਈਪਾਂ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੇ ਦਫ਼ਤਰ ਦੀ ਭੰਨ੍ਹਤੋੜ ਕੀਤੀ ਗਈ, ਜਿਸ ਦੇ ਉਨ੍ਹਾਂ ਕੋਲ ਸਾਰੇ ਸਬੂਤ ਹਨ। ਇਸ ਬਾਰੇ ਉਹ ਪਹਿਲਾਂ ਵੀ ਚਾਰ ਵਾਰ ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰ ਚੁੱਕੇ ਹਨ। ਜ਼ੀਰਕਪੁਰ ਦੇ ਐੱਸਪੀ ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਏਗੀ।