‘ਮੋਬਾਈਲ ਛੱਡੋ ਖੇਡਾਂ ਅਪਣਾਓ’ ਤਹਿਤ ਮੁਕਾਬਲੇ
ਮਿਹਰ ਸਿੰਘ
ਕੁਰਾਲੀ, 27 ਜੂਨ
ਸਥਾਨਕ ਵਾਰਡ ਨੰਬਰ 6 ਦੇ ਮਾਡਲ ਟਾਊਨ ਵਿੱਚ ਯੁਵਕ ਸੇਵਾ ਕਲੱਬ ਵੱਲੋਂ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ‘ਮੋਬਾਈਲ ਛੱਡੋ ਖੇਡਾਂ ਅਪਣਾਓ’ ਬੈਨਰ ਹੇਠ ਖੇਡ ਮੁਕਾਬਲੇ ਕਰਵਾਏ ਗਏ। ਆਖ਼ਰੀ ਦਿਨ ਜੇਤੂਆਂ ਨੂੰ ਸਨਮਾਨਿਆ ਗਿਆ। ਨੌਜਵਾਨ ਆਗੂ ਅਮਨਦੀਪ ਸਿੰਘ ਰੌਕੀ ਦੀ ਦੇਖ-ਰੇਖ ਹੇਠ ਵਾਰਡ ਦੇ ਸਮੂਹ ਵਸਨੀਕਾਂ ਦੇ ਸਹਿਯੋਗ ਨਾਲ ਕਰਵਾਏ ਮੁਕਾਬਲਿਆਂ ਦੇ ਆਖਰੀ ਦਿਨ ਬੈਡਮਿੰਟਨ ਦਾ ਉਦਘਾਟਨ ਕੌਂਸਲਰ ਬਹਾਦਰ ਸਿੰਘ ਓਕੇ ਨੇ ਕੀਤਾ। ਬੈਡਮਿੰਟਨ ਫਾਈਨਲ ਮੈਚਾਂ ਵਿੱਚ ਪਰਮਜੀਤ ਸਿੰਘ ਤੇ ਸਾਗਰ ਧੀਮਾਨ ਦੀ ਜੋੜੀ ਜੇਤੂ ਰਹੀ। ਵਾਲੀਬਾਲ ਮੈਚਾਂ ਦੇ ਫਾਈਨਲ ਦਾ ਉਦਘਾਟਨ ਯੂਥ ਕਾਂਗਰਸ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕੀਤਾ। ਇਸ ਮੌਕੇ ਹੋਏ ਫਸਵੇਂ ਮੈਚ ਵਿੱਚ ਮਾਡਲ ਟਾਊਨ ਦੀ ਟੀਮ ਜੇਤੂ ਰਹੀ। ਰੱਸਾਕਸ਼ੀ ਦਾ ਉਦਘਾਟਨ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਕੀਤਾ। ਅਮਨਦੀਪ ਸਿੰਘ ਰੌਕੀ ਦੀ ਟੀਮ ਜੇਤੂ ਰਹੀ। ਸ੍ਰੀ ਗੋਲਡੀ ਨੇ ਜੇਤੂਆਂ ਦਾ ਸਨਮਾਨ ਕੀਤਾ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਗੋਲਡੀ, ਰਾਣਾ ਮੁਕੇਸ਼ ਕੁਮਾਰ, ਅਵਤਾਰ ਸਿੰਘ ਕਲਸੀ, ਗੁਰਸ਼ਰਨ ਸਿੰਘ ਬਿੰਦਰਖੀਆ, ਓਮਿੰਦਰ ਓਮਾ ਆਦਿ ਹਾਜ਼ਰ ਸਨ।