ਕਮਿਊਨਿਟੀ ਸੈਂਟਰ ਬੁਕਿੰਗ ਘਪਲਾ: ‘ਆਪ’ ਕੌਂਸਲਰਾਂ ਵੱਲੋਂ ਸੀਬੀਆਈ ਜਾਂਚ ਦੀ ਮੰਗ
ਕੁਲਦੀਪ ਸਿੰਘ
ਚੰਡੀਗੜ੍ਹ, 1 ਜੂਨ
ਸ਼ਹਿਰ ਵਿਚਲੇ ਕਮਿਊਨਿਟੀ ਸੈਂਟਰਾਂ ਵਿੱਚ ਕਿਰਾਏ ਦੇ ਤਜਵੀਜ਼ਤ ਵਾਧੇ ਤੇ ਕਥਿਤ ਬੁਕਿੰਗ ਘਪਲੇ ’ਤੇ ‘ਆਪ’ ਨਾਲ ਸਬੰਧਤ ਸਾਰੇ ਨਿਗਮ ਕੌਂਸਲਰਾਂ ਨੇ ਤਿੱਖਾ ਵਿਰੋਧ ਕਰਦਿਆਂ ਇਸ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਬੁਲਾਰੇ ਤੇ ਕੌਂਸਲਰ ਯੋਗੇਸ਼ ਢੀਂਗਰਾ, ਦਮਨਪ੍ਰੀਤ ਸਿੰਘ ਬਾਦਲ, ਜਸਵਿੰਦਰ ਕੌਰ, ਪ੍ਰੇਮ ਲਤਾ ਆਦਿ ਨੇ ਕਿਹਾ ਕਿ ਚੰਡੀਗੜ੍ਹ ਦੇ ਕਮਿਊਨਿਟੀ ਸੈਂਟਰਾਂ ਦੀ ਮੁਫ਼ਤ ਬੁਕਿੰਗ ’ਚ ਕਥਿਤ ਬਹੁ-ਕਰੋੜੀ ਘਪਲਾ ਬੇਨਕਾਬ ਹੋ ਚੁੱਕਾ ਹੈ। ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ (ਈਡਬਲਿਯੂਐੱਸ) ਨੂੰ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ ਨੂੰ ਪ੍ਰਤੀ ਬੁਕਿੰਗ 26 ਤੋਂ 55 ਹਜ਼ਾਰ ਰੁਪਏ ਤੱਕ ਵਿੱਚ ਵੇਚਿਆ ਜਾਂਦਾ ਰਿਹਾ ਹੈ। ਇਹ ਯੋਜਨਾਬੱਧ ਨਿਗਮ ਸਟਾਫ਼ ਵਜੋਂ ਘੁੰਮ ਰਹੇ ਕਥਿਤ ਦਲਾਲਾਂ ਵੱਲੋਂ ਕੀਤਾ ਗਿਆ।
ਸੈਕਟਰ-37 ਵਿਚਲੇ ਕਮਿਊਨਿਟੀ ਸੈਂਟਰ ਦੀ ਮੁਫ਼ਤ ਬੁਕਿੰਗ ਬਾਰੇ ਬੋਲਦਿਆਂ ਕੌਂਸਲਰ ਯੋਗੇਸ਼ ਢੀਂਗਰਾ ਨੇ ਦੱਸਿਆ ਕਿ ਸੈਕਟਰ-41 ਵਾਸੀ ਵਿਅਕਤੀ ਦੇ ਨਾਂ ’ਤੇ ਇਹ ਬੁਕਿੰਗ ਹੀ ਗ਼ਲਤ ਹੋਈ ਕਿਉਂਕਿ ਨਿਗਮ ਦੇ ਬੁਕਿੰਗ ਨਿਯਮਾਂ ਮੁਤਾਬਕ ਫਾਰਮ ਉੱਤੇ ਸਬੰਧਤ ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੀ ਮੋਹਰ ਤੇ ਦਸਤਖ਼ਤ ਨਹੀਂ ਹਨ ਬਲਕਿ ਸੈਕਟਰ-56 ਵਾਲੇ ਕੌਂਸਲਰ ਮੁਨੱਵਰ ਦੀ ਨਕਲੀ ਮੋਹਰ ਤੇ ਦਸਤਖ਼ਤ ਹਨ।
ਉਨ੍ਹਾਂ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਵਿਅਕਤੀ ਨੂੰ ਮੁਫ਼ਤ ਵਿੱਚ ਬੁਕਿੰਗ ਕਰਨ ਲਈ ਸਬੰਧਤ ਇਲਾਕਾ ਕੌਂਸਲਰ ਦੀ ਮੋਹਰ ਉਪਰੰਤ ਤਸਦੀਕਸ਼ੁਦਾ ਫਾਰਮ ਬੁਕਿੰਗ ਸ਼ਾਖਾ ਨੂੰ ਭੇਜਿਆ ਜਾਂਦਾ ਹੈ, ਫਿਰ ਅੰਤਿਮ ਪ੍ਰਵਾਨਗੀ ਲਈ ਨਗਰ ਨਿਗਮ ਕਮਿਸ਼ਨਰ ਕੋਲ ਜਾਂਦਾ ਹੈ। ਕਮਿਸ਼ਨਰ ਤੋਂ ਪ੍ਰਵਾਨਗੀ ਤੋਂ ਬਾਅਦ ਬਿਨੈਕਾਰ ਕਿਸੇ ਵੀ ਸੰਪਰਕ ਕੇਂਦਰ ’ਤੇ 120 ਦੀ ਫੀਸ ਅਦਾ ਕਰਦਾ ਹੈ ਜਿਸ ਉਪਰੰਤ ਬੁਕਿੰਗ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ। ਸੈਕਟਰ-37 ਵਾਲੇ ਕਮਿਊਨਿਟੀ ਸੈਂਟਰ 24 ਮਈ ਨੂੰ ਸੈਕਟਰ-17 ਦੇ ਸੰਪਰਕ ਸੈਂਟਰ ਰਾਹੀਂ 4 ਅਕਤੂਬਰ ਵਾਸਤੇ ਕੀਤੀ ਬੁਕਿੰਗ ਵਿੱਚ ਇੱਕ ਦਲਾਲ ਨੇ ਬਿਨੈਕਾਰ ਤੋਂ ਬੁਕਿੰਗ ਵਾਸਤੇ 55 ਹਜ਼ਾਰ ਇਹ ਕਹਿ ਕੇ ਵਸੂਲੇ ਕਿ ਅਸਲ ਬੁਕਿੰਗ ਫੀਸ 72 ਹਜ਼ਾਰ ਰੁਪਏ ਹੈ ਅਤੇ ਉਹ ਆਪਣੇ ਅੰਦਰਲੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਘੱਟ ਕਰਵਾ ਦੇਵੇਗਾ। ਉਸ ਤੋਂ ਪੈਸੇ ਵਸੂਲ ਕੇ ਬੁਕਿੰਗ ਮੁਫ਼ਤ ਵਿੱਚ ਕਰਵਾ ਦਿੱਤੀ।
ਆਡਿਟ ਕਰਵਾਉਣ ਦੀ ਮੰਗ
ਕੌਂਸਲਰਾਂ ਨੇ ਮੰਗ ਕੀਤੀ ਕਿ ਇਸ ਇਸ ਵਿੱਚ ਸ਼ਾਮਲ ਨਿਗਮ ਦੇ ਦੋਸ਼ੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਕੇ ਕੇਸ ਦਰਜ ਕਰਵਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੰਜ ਸਾਲਾਂ ਦੀ ਬੁਕਿੰਗ ਦਾ ਆਡਿਟ ਕਰਵਾਉਣਾ ਚਾਹੀਦਾ ਹੈ।
ਬੁਕਿੰਗ ਵਧਾਉਣ ਦੀ ਬਜਾਇ ਭ੍ਰਿਸ਼ਟਾਚਾਰ ਰੋਕਣਾ ਜ਼ਰੂਰੀ
‘ਆਪ’ ਦੇ ਕੌਂਸਲਰਾਂ ਨੇ ਮੰਗ ਕੀਤੀ ਕਿ ਕਮਿਊਨਿਟੀ ਸੈਂਟਰਾਂ ਦੇ ਬੁਕਿੰਗ ਰੇਟ ਵਧਾਉਣ ਦੀ ਬਜਾਇ ਬੁਕਿੰਗ ਵਿੱਚ ਹੋ ਰਿਹਾ ਵੱਡਾ ਭ੍ਰਿਸ਼ਟਾਚਾਰ ਰੋਕਿਆ ਜਾਵੇ।
ਕਮਿਊਨਿਟੀ ਸੈਂਟਰ ਦੇ ਮਾੜੇ ਪ੍ਰਬੰਧਾਂ ਦੀ ਸ਼ਿਕਾਇਤ
ਸੈਕਟਰ-43 ਵਾਸੀ ਰਾਜ ਕੁਮਾਰ ਚੌਹਾਨ ਨੇ ਨਿਗਮ ਕਮਿਸ਼ਨਰ ਨੂੰ ਭੇਜੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਸੈਕਟਰ-52 (ਕਜਹੇੜੀ) ਦਾ ਕਮਿਊਨਿਟੀ ਸੈਂਟਰ ਦੀ ਸੇਵਾਮੁਕਤੀ ਦੇ ਪ੍ਰੋਗਰਾਮ ਵਾਸਤੇ 38,616 ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾ ਕੇ 30 ਮਈ ਲਈ ਬੁਕਿੰਗ ਕਰਵਾਈ ਸੀ। ਪ੍ਰੋਗਰਾਮ ਦੌਰਾਨ ਏਸੀ ਕੰਮ ਨਹੀਂ ਸੀ ਕਰ ਰਿਹਾ। ਸਬੰਧਤ ਅਧਿਕਾਰੀਆਂ ਨੂੰ ਵਾਰ-ਵਾਰ ਧਿਆਨ ਦਿਵਾਉਣ ਦੇ ਬਾਵਜੂਦ ਪ੍ਰੋਗਰਾਮ ਵਿੱਚ ਏਸੀ ਨਹੀਂ ਚੱਲ ਸਕਿਆ। ਇਸ ਤੋਂ ਇਲਾਵਾ ਸੈਂਟਰ ਵਿੱਚ ਸਫ਼ਾਈ ਦਾ ਹਾਲ ਵੀ ਮਾੜਾ ਸੀ।