ਕਰਨਲ ਬਾਠ ਮਾਮਲਾ: ਸੁਪਰੀਮ ਕੋਰਟ ਵੱਲੋਂ ਪੁਲੀਸ ਅਧਿਕਾਰੀਆਂ ਦੀ ਖਿਚਾਈ; ਕਿਹਾ, ਫੌਜ ਦਾ ਸਤਿਕਾਰ ਕਰੋ...ਉਨ੍ਹਾਂ ਕਰਕੇ ਹੀ ਚੈਨ ਨਾਲ ਸੌਂਦੇ ਹੋ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੰਜਾਬ ਪੁਲੀਸ ਦੇ ਉਨ੍ਹਾਂ ਅਧਿਕਾਰੀਆਂ ਦੇ ਵਿਵਹਾਰ ਦੀ ਨਿੰਦਾ ਕੀਤੀ, ਜਿਨ੍ਹਾਂ ਉੱਤੇ ਪਾਰਕਿੰਗ ਨੂੰ ਲੈ ਕੇ ਇੱਕ ਕਰਨਲ ਪੁਸ਼ਪਿੰਦਰ ਬਾਠ ’ਤੇ ਹਮਲਾ ਕਰਨ ਦਾ ਦੋਸ਼ ਹੈ। ਸਰਬਉੱਚ ਕੋਰਟ ਨੇ ਪੁਲੀਸ ਕਰਮਚਾਰੀਆਂ ਨੂੰ ਚੇਤਾ ਦਿਵਾਇਆ ਕਿ ਉਹ ਆਪਣੇ ਘਰਾਂ ਵਿੱਚ ‘ਸ਼ਾਂਤੀ ਨਾਲ ਸੌਂ ਰਹੇ ਹਨ’ ਕਿਉਂਕਿ ਫੌਜ ਸਰਹੱਦ ’ਤੇ ਸੇਵਾ ਕਰ ਰਹੀ ਹੈ। ਕੋਰਟ ਨੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਫੌਜ ਨੂੰ ਲੈ ਕੇ ਕੁਝ ਸਤਿਕਾਰ ਦਿਖਾਉਣ।
ਸੁਪਰੀਮ ਕੋਰਟ ਨੇ ਹਮਲੇ ਨਾਲ ਸਬੰਧਤ ਕੇਸ ਦੀ ਜਾਂਚ ਸੀਬੀਆਈ ਨੂੰ ਤਬਦੀਲ ਕਰਨ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਰੋਕ ਲਾਉਣ ਦੀ ਮੰਗ ਕਰਦੀ ਮੁਲਜ਼ਮ ਪੁਲੀਸ ਅਧਿਕਾਰੀਆਂ ਦੀ ਅਪੀਲ ਰੱਦ ਕਰ ਦਿੱਤੀ। ਇਹ ਕਥਿਤ ਘਟਨਾ ਇਸ ਸਾਲ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਵਾਪਰੀ ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦਾ ਪੁੱਤਰ ਪਟਿਆਲਾ ਵਿੱਚ ਸੜਕ ਕਿਨਾਰੇ ਇੱਕ ਢਾਬੇ ’ਤੇ ਖਾਣਾ ਖਾ ਰਹੇ ਸਨ।
ਜਸਟਿਸ ਸੰਜੈ ਕੁਮਾਰ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਜਾਂਚ ਸੀਬੀਆਈ ਨੂੰ ਤਬਦੀਲ ਕਰਨ ਦੇ ਹਾਈ ਕੋਰਟ ਦੇ 16 ਜੁਲਾਈ ਦੇ ਹੁਕਮਾਂ ਵਿਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਹਾਈ ਕੋਰਟ ਨੇ ‘ਤਰਕਸੰਗਤ’ ਹੁਕਮ ਪਾਸ ਕੀਤਾ ਹੈ।
ਜਸਟਿਸ ਸ਼ਰਮਾ ਨੇ ਕਿਹਾ, ‘‘ਜਦੋਂ ਜੰਗ ਚੱਲ ਰਹੀ ਹੁੰਦੀ ਹੈ, ਤੁਸੀਂ ਇਨ੍ਹਾਂ ਫੌਜੀ ਅਧਿਕਾਰੀਆਂ ਦੀ ਵਡਿਆਈ ਕਰਦੇ ਹੋ। ਤੁਹਾਡਾ ਐੱਸਐੱਸਪੀ ਕਹਿੰਦਾ ਹੈ, ਮੈਂ ਪੇਸ਼ਗੀ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ ਕਿਉਂਕਿ ਉਹ ਪੁਲੀਸ ਅਧਿਕਾਰੀ ਹਨ। ਕੋਈ ਕਾਨੂੰਨੀ ਦਲੀਲ ਨਹੀਂ ਹੈ, ਕੁਝ ਵੀ ਨਹੀਂ ਹੈ। ਤੁਹਾਡੀ ਜ਼ਮਾਨਤ ਖਾਰਜ ਕਰ ਦਿੱਤੀ ਗਈ ਸੀ, ਉਹ ਖੁੱਲ੍ਹ ਕੇ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਅਜਿਹੀ ਅਰਾਜਕਤਾ ਸਵੀਕਾਰਯੋਗ ਨਹੀਂ ਹੈ। ਅਸੀਂ ਇਸ ਅਪੀਲ ਨੂੰ ਖਾਰਜ ਕਰਨ ਜਾ ਰਹੇ ਹਾਂ। ਸੀਬੀਆਈ ਨੂੰ ਇਸ ਦੀ ਜਾਂਚ ਕਰਨ ਦਿਓ। ਉਹ (ਫੌਜ) ਸਰਹੱਦਾਂ ’ਤੇ ਤੁਹਾਡੀ ਰੱਖਿਆ ਲਈ ਜਾਂਦੇ ਹਨ ਅਤੇ ਉਹ ਕੌਮੀ ਝੰਡੇ ਵਿੱਚ ਲਿਪਟ ਕੇ ਵਾਪਸ ਆਉਂਦੇ ਹਨ।’’
ਇਸ ਮੌਕੇ ਜਸਟਿਸ ਕੁਮਾਰ ਨੇ ਟਿੱਪਣੀ ਕੀਤੀ, ‘‘ਜੇ ਤੁਹਾਡੇ ਕੋਲ ਛੁਪਾਉਣ ਲਈ ਕੁਝ ਨਹੀਂ ਹੈ, ਤਾਂ ਤੁਸੀਂ ਨਿਰਪੱਖ ਜਾਂਚ ਤੋਂ ਕਿਉਂ ਝਿਜਕਦੇ ਹੋ?’’ ਇਸ ਮਾਮਲੇ ਵਿੱਚ ਕਰਨਲ ਬਾਠ ਵੱਲੋਂ ਵਕੀਲ ਸੁਮੀਰ ਸੋਢੀ ਪੇਸ਼ ਹੋਏ।