ਕੁਲੈਕਟਰ ਰੇਟ ਵਿੱਚ ਵਾਧਾ ਲਾਗੂ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਮੀਨ ਦੀ ਖਰੀਦੋ-ਫਰੋਖਤ ਸਮੇਂ ਅਸ਼ਟਾਮ ਫੀਸ ਲਗਾਉਣ ਲਈ ਨੀਯਤ ਕੁਲੈਕਟਰ ਰੇਟ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਪ੍ਰਸ਼ਾਸਨ ਨੇ ਖਰੜ ਸਬ ਡਿਵੀਜ਼ਨ ਵਿਚ ਰਿਹਾਇਸ਼ੀ ਪਲਾਟਾਂ ਲਈ ਬਹੁਤ ਥਾਵਾਂ ਤੇ 33.3 ਫੀਸਦੀ ਤੱਕ ਵਾਧਾ ਕੀਤਾ ਹੈ। ਇੱਥੇ ਰਿਹਾਇਸ਼ੀ ਪਲਾਟਾਂ ਲਈ ਪਹਿਲਾਂ ਇਹ ਭਾਅ 2 ਲੱਖ 70 ਹਜ਼ਾਰ ਰੁਪਏ ਪ੍ਰਤੀ ਮਰਲਾ ਸੀ ਜਿਸ ਨੂੰ ਵਧਾ ਕੇ 3 ਲੱਖ 60 ਹਜ਼ਾਰ ਰੁਪਏ ਪ੍ਰਤੀ ਮਰਲਾ ਕਰ ਦਿੱਤਾ ਗਿਆ ਹੈ। ਇੰਝ ਹੀ ਖਰੜ ਨਗਰ ਕੌਂਸਲ ਅਧੀਨ ਪੈਂਦੇ ਖੇਤਰਾਂ ਵਿਚ ਕਾਫੀ ਵਾਧਾ ਕੀਤਾ ਗਿਆ ਹੈ। ਪਿੰਡ ਰੁੜਕੀ ਖਾਮ ਵਿੱਚ ਜ਼ਮੀਨ ਦਾ ਰੇਟ 30 ਲੱਖ ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 45 ਲੱਖ ਰੁਪਏ ਪ੍ਰਤੀ ਏਕੜ ਅਤੇ ਰਿਹਾਇਸ਼ੀ ਪਲਾਟ 45 ਹਜ਼ਾਰ ਰੁਪਏ ਪ੍ਰਤੀ ਮਰਲਾ ਤੋਂ ਵਧਾ ਕੇ 60 ਹਜ਼ਾਰ ਰੁਪਏ ਪ੍ਰਤੀ ਮਰਲਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਛੱਜੂਮਾਜਰਾ, ਦੇਸੂਮਾਜਰਾ, ਫਤਹਿਉਲਾਪੁਰ ਆਦਿ ਵਿੱਚ ਵੀ ਵਾਧਾ ਕੀਤਾ ਕੀਤਾ ਗਿਆ ਹੈ। ਸਬ ਡਿਵੀਜ਼ਨ ਅਧੀਨ ਪੈਂਦੇ ਕੁਰਾਲੀ ਵਿੱਚ ਵੀ ਰਿਹਾਇਸ਼ੀ ਪਲਾਟ 1 ਲੱਖ 80 ਹਜ਼ਾਰ ਰੁਪਏ ਤੋਂ ਵਧਾ ਕੇ 2 ਲੱਖ 40 ਹਜ਼ਾਰ ਰੁਪਏ ਪ੍ਰਤੀ ਮਰਲਾ ਕੀਤਾ ਗਿਆ ਹੈ। ਇੰਝ ਹੀ ਨਿਊ ਚੰਡੀਗੜ੍ਹ ਖੇਤਰ ਵਿਚ ਪੈਣ ਵਾਲੇ ਪਿੰਡਾਂ ਵਿਚ 20 ਤੋਂ ਲੈ ਕੇ 35 ਫ਼ੀਸਦ ਤੱਕ ਵਧਾ ਦਿੱਤੇ ਗਏ ਹਨ। ਇਸ ਵਾਧੇ ਨਾਲ ਸਰਕਾਰ ਨੂੰ ਕਾਫੀ ਆਮਦਨ ਹੋਣ ਦੀ ਆਸ ਹੈ।
