ਇਸਮਾਈਲਪੁਰ ਹੈੱਡ ਦੇ ਦੋ ਗੇਟ ਖੋਲ੍ਹਣ ਕਾਰਨ ਪਿੰਡ ਵਾਸੀਆਂ ਤੇ ਪੁਲੀਸ ਵਿਚਾਲੇ ਟਕਰਾਅ
ਅੰਬਾਲਾ ਦੇ ਮਲੌਰ ਨੇੜੇ ਇਸਮਾਈਲਪੁਰ ਹੈੱਡ ’ਤੇ ਦੋ ਗੇਟ ਖੋਲ੍ਹ ਕੇ ਨਰਵਾਣਾ ਬਰਾਂਚ ਨਹਿਰ ਤੋਂ ਐਸਵਾਈਐਲ ਵੱਲ ਪਾਣੀ ਮੋੜਨ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੁਲੀਸ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਪੁਲੀਸ ਨੇ ਹੈੱਡ ਨੇੜੇ ਸਿੰਜਾਈ ਵਿਭਾਗ ਦੇ ਦਫ਼ਤਰ ਦਾ ਗੇਟ ਇੱਕ ਪਾਸੇ ਤੋਂ ਬੰਦ ਕਰ ਦਿੱਤਾ ਜਦੋਂ ਕਿ ਪਿੰਡ ਵਾਸੀ ਦੂਜੇ ਪਾਸੇ ਤੋਂ ਗੇਟ ਖੋਲ੍ਹ ਕੇ ਅੰਦਰ ਚਲੇ ਗਏ। ਜਦੋਂ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਕੋਈ ਹੱਲ ਨਾ ਨਿਕਲਿਆ ਤਾਂ ਪਿੰਡ ਵਾਸੀ ਦਫਤਰ ਦੇ ਸਾਹਮਣੇ ਅਤੇ ਸੜਕ ’ਤੇ ਧਰਨੇ ਲਾ ਕੇ ਬੈਠ ਗਏ। ਧਰਨੇ ਦੀ ਸੂਚਨਾ ਮਿਲਦੇ ਹੀ ਪੁਲੀਸ ਫੋਰਸ ਅਤੇ ਸਿੰਜਾਈ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਤਿੰਨ ਘੰਟੇ ਤੱਕ ਤਣਾਅਪੂਰਨ ਸਥਿਤੀ ਬਣੀ ਰਹੀ। ਖੈਰਾ, ਨਡਿਆਲੀ, ਨੱਗਲ, ਅਮੀਪੁਰ, ਮਲੌਰ, ਚੌੜਮਸਤਪੁਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਲੰਬੀ ਗੱਲਬਾਤ ਤੋਂ ਬਾਅਦ ਨਹਿਰ ਦਾ ਇੱਕ ਗੇਟ ਖੋਲ੍ਹਣ ਲਈ ਸਮਝੌਤਾ ਹੋਇਆ, ਜਿਸ ਤੋਂ ਪਿੱਛੋਂ ਪਿੰਡਾਂ ਵਾਲਿਆਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ।
ਪਿੰਡ ਵਾਸੀਆਂ ਕੁਲਦੀਪ ਸਿੰਘ, ਜੱਗਾ ਖਹਿਰਾ, ਨਵਜੋਤ, ਗੁਰਮੀਤ ਸਿੰਘ, ਕੁਲਵੰਤ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਹਰਿਆਣਾ-ਪੰਜਾਬ ਸਰਹੱਦ ’ਤੇ ਪੰਜਾਬ ਦੇ ਸਰਾਲਾ ਕਲਾਂ ਪਿੰਡ ਵਿੱਚ ਨਰਵਾਣਾ ਬਰਾਂਚ ਦਾ ਬੰਨ੍ਹ ਟੁੱਟ ਗਿਆ। ਘੱਗਰ ਨਦੀ ਦਾ ਪਾਣੀ ਨਰਵਾਣਾ ਬਰਾਂਚ ਵਿੱਚ ਵਹਿਣ ਕਾਰਨ ਨਹਿਰ ਓਵਰਫਲੋਅ ਹੋ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਤੋਂ ਨਰਵਾਣਾ ਬਰਾਂਚ ਵਿੱਚ ਵਾਧੂ ਪਾਣੀ ਵਗ ਰਿਹਾ ਹੈ। ਸਿੰਜਾਈ ਵਿਭਾਗ ਇਸ ਪਾਣੀ ਨੂੰ ਐੱਸਵਾਈਐੱਲ ਵੱਲ ਮੋੜ ਰਿਹਾ ਹੈ।