ਸਿੱਖ ਇਤਿਹਾਸ ਦੀਆਂ ਕਿਤਾਬਾਂ ਗਲਤ ਤੱਥੇ ਛਪਣ ਦਾ ਦਾਅਵਾ
ਸਿੱਖ ਵਿਚਾਰ ਮੰਚ ਨੇ ਇਤਿਹਾਸ ਨਾਲ ਛੇਡ਼ਛਾਡ਼ ਕਰਨ ਵਾਲਿਆਂ ਵਿਰੁੱਧ ਕਾਰਵਾਈ ਮੰਗੀ
Advertisement
ਸਿੱਖ ਵਿਚਾਰ ਮੰਚ ਦੀ ਇਕੱਤਰਤਾ ਅੱਜ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ 28 ਚੰਡੀਗੜ੍ਹ ਵਿਖੇ ਹੋਈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੀਆਂ ਪੁਸਤਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 1999 ਵਿੱਚ ਪ੍ਰਕਾਸ਼ਿਤ ‘ਸਿੱਖ ਇਤਿਹਾਸ’ (ਹਿੰਦੀ) ਪੁਸਤਕ ਵਿੱਚ ਗੁਰੂ ਤੇਗ ਬਹਾਦਰ ਦੇ ਜੀਵਨ ਬਾਰੇ ਨਫ਼ਰਤੀ ਭਾਸ਼ਾ ਵਰਤੀ ਗਈ ਹੈ। ਇਸ ਸਬੰਧੀ ਇੱਕ ਕੇਸ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਸਮੇਂ ਦੇ ਪ੍ਰਧਾਨ, ਸਕੱਤਰ ਅਤੇ ਮੁੱਖ ਮੰਤਰੀ ਦੇ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਆਪਣੀ ਗਲਤੀ ਲਈ ਜਨਤਕ ਤੌਰ ’ਤੇ ਮਾਫ਼ੀ ਨਾ ਮੰਗੀ, ਨਹੀਂ ਤਾਂ ਉਪਰੋਕਤ ਪੁਸਤਕਾਂ ਜਨਤਕ ਤੌਰ ’ਤੇ ਸਾੜੀਆਂ ਜਾਣਗੀਆਂ।
ਗੁਰਤੇਜ ਸਿੰਘ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਕਥਿਤ ਦੋਸ਼ੀ ਧਿਰ ਦਾ ਸਾਥ ਦਿੱਤਾ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਇਹ ਸਿੱਖ ਪੰਥ ਨਾਲ ਸਭ ਤੋਂ ਵੱਡਾ ਧ੍ਰੋਹ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਗਲਤ ਗੁਰੂ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ, ਜਿਸ ਲਈ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਕਸੂਰਵਾਰ ਹਨ। ਕੁਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਪੰਥ ਗੁਰੂ ਤੇਗ ਬਹਾਦਰ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ, ਤਾਂ ਸਿੱਖ ਇਤਿਹਾਸ ਨਾਲ ਖਿਲਵਾੜ ਅਤੇ ਲਾਪ੍ਰਵਾਹੀ ਕਰਨ ਵਾਲੀਆਂ ਸੰਸਥਾਵਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਨਾਲ ਸਬੰਧਤ ਸਾਰੇ ਦੋਸ਼ੀਆਂ ਬਾਰੇ ਨਿਰਪੱਖ ਹੋ ਕੇ ਕਾਰਵਾਈ ਕਰਨੀ ਹੀ ਗੁਰੂ ਤੇਗ ਬਹਾਦਰ ਜੀ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਕੈਪਟਨ ਗੁਰਦੀਪ ਸਿੰਘ ਘੁੰਮਣ ਤੇ ਮਾਲਵਿੰਦਰ ਸਿੰਘ ਮਾਲੀ ਨੇ ਵਿਚਾਰ ਸਾਂਝੇ ਕੀਤੇ।
Advertisement
Advertisement
