ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਿੱਲਾ ਵਾਸੀਆਂ ਵੱਲੋਂ ਪਿੰਡ ਨਿਗਮ ’ਚ ਸ਼ਾਮਲ ਕਰਨ ਦਾ ਵਿਰੋਧ

ਵਿਧਾਇਕ ਨੂੰ ਮਿਲਣ ਦਾ ਫ਼ੈਸਲਾ; ਮਸਲਾ ਹੱਲ ਨਾ ਹੋਣ ’ਤੇ ਹਾਈ ਕੋਰਟ ਜਾਣ ਦਾ ਐਲਾਨ
ਪਿੰਡ ਚਿੱਲਾ ਦੇ ਵਸਨੀਕ ਨਗਰ ਨਿਗਮ ਵਿੱਚ ਸ਼ਮੂਲੀਅਤ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।
Advertisement
ਮੁਹਾਲੀ ਦੀ ਨਗਰ ਨਿਗਮ ਦੀ ਹੱਦਬੰਦੀ ਵਧਾਉਣ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਪਿੰਡ ਚਿੱਲਾ ਨੂੰ ਸ਼ਾਮਲ ਕਰਨ ਦਾ ਪਿੰਡ ਦੇ ਵਸਨੀਕਾਂ ਨੇ ਵਿਰੋਧ ਕੀਤਾ ਹੈ। ਪਿੰਡ ਵਾਸੀਆਂ ਨੇ ਇਕੱਤਰਤਾ ਕਰਕੇ ਸਰਕਾਰੀ ਨੋਟੀਫਿਕੇਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਮੰਗ ਪੱਤਰ ਦੇਣਗੇ ਅਤੇ ਜੇਕਰ ਫੇਰ ਵੀ ਉਨ੍ਹਾਂ ਦਾ ਪਿੰਡ ਸ਼ਹਿਰੀ ਹੱਦਬੰਦੀ ਵਿੱਚੋਂ ਵਾਪਸ ਨਾ ਕੱਢਿਆ ਗਿਆ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।

ਪਿੰਡ ਦੇ ਸਰਪੰਚ ਅਮਰੀਕ ਸਿੰਘ, ਨੰਬਰਦਾਰ ਗੁਰਮੀਤ ਸਿੰਘ, ਸੰਤੋਖ ਸਿੰਘ, ਅਮਰਾਓ ਸਿੰਘ, ਪਰਵਿੰਦਰ ਸਿੰਘ, ਰਮਨਜੀਤ ਸਿੰਘ, ਅਮਰੀਕ ਸਿੰਘ, ਗੁਰਦੇਵ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਰਚਨ ਸਿੰਘ, ਗੁਰਜੀਤ ਸਿੰਘ, ਦੇਵੀ ਚਰਨ ਅਤੇ ਮੋਹਿਤ ਨੇ ਦੱਸਿਆ ਕਿ ਪਿੰਡ ਚਿੱਲਾ ਨੇ ਕਦੇ ਵੀ ਨਗਰ ਨਿਗਮ ਵਿੱਚ ਸ਼ਾਮਲ ਹੋਣ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਪੰਚਾਇਤੀ ਮਤੇ ਤੋਂ ਅਤੇ ਬਗੈਰ ਪਿੰਡ ਵਾਸੀਆਂ ਦੇ ਕੋਈ ਇਤਰਾਜ਼ ਅਤੇ ਸੁਝਾਅ ਹਾਸਲ ਕੀਤਿਆਂ ਉਨ੍ਹਾਂ ਦੇ ਪਿੰਡ ਨੂੰ ਨਗਰ ਨਿਗਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਪਿੰਡ ਵਾਸੀਆਂ ਨਾਲ ਬੇਇਨਸਾਫ਼ੀ ਹੈ।

Advertisement

ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਪਿੰਡ ਦੀ ਮੌਜੂਦਾ ਹੋਂਦ ਹੀ ਬਰਕਰਾਰ ਰੱਖਣੀ ਚਾਹੁੰਦੇ ਹਨ। ਸ਼ਹਿਰ ਦੀ ਹਦੂਦ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਸਹੂਲਤਾਂ ਘੱਟ ਮਿਲਣਗੀਆਂ, ਜਦੋਂ ਕਿ ਪਿੰਡ ਵਾਸੀਆਂ ਤੇ ਟੈਕਸਾਂ ਦਾ ਬੋਝ ਵੱਧ ਵਧੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਨੂੰ ਜਿਉਂ ਦਾ ਤਿਉਂ ਹੀ ਰੱਖਿਆ ਜਾਵੇ ਅਤੇ ਇਸ ਨੂੰ ਨਿਗਮ ਵਿਚ ਸ਼ਾਮਿਲ ਨਾ ਕੀਤਾ ਜਾਵੇ।

ਰੁੜਕਾ ਅਤੇ ਕੰਬਾਲੀ ਵੱਲੋਂ ਵੀ ਵਿਰੋਧ

ਪਿੰਡ ਰੁੜਕਾ ਦੇ ਸਰਪੰਚ ਹਰਜੀਤ ਸਿੰਘ ਅਤੇ ਪਿੰਡ ਕੰਬਾਲੀ ਦੇ ਸਰਪੰਚ ਅਜੀਤ ਸਿੰਘ ਸੰਧੂ ਨੇ ਵੀ ਉਨ੍ਹਾਂ ਦੇ ਪਿੰਡਾਂ ਨੂੰ ਨਗਰ ਨਿਗਮ ਵਿਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਦੋਵਾਂ ਪਿੰਡਾਂ ਦੇ ਸਰਪੰਚਾਂ ਨੇ ਆਖਿਆ ਕਿ ਉਹ ਆਪਣੇ ਪਿੰਡ ਦੀ ਮੌਜੂਦਾ ਹੋਂਦ ਹੀ ਕਾਇਮ ਰੱਖਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਇਹ ਮਾਮਲਾ ਹਲਕਾ ਵਿਧਾਇਕ ਦੇ ਧਿਆਨ ਵਿਚ ਲਿਆਉਣਗੇ ਅਤੇ ਜੇਕਰ ਮਾਮਲੇ ਦਾ ਹੱਲ ਨਾ ਹੋਇਆ ਤਾਂ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।

Advertisement
Show comments