ਸਿਟੀ ਬਿਊਟੀਫੁੱਲ ’ਚ ਛੱਠ ਪੂਜਾ ਉਤਸ਼ਾਹ ਨਾਲ ਮਨਾਈ
ਸਿਟੀ ਬਿਊਟੀਫੁੱਲ ਵਿੱਚ ਛਠ ਪੂਜਾ ਦਾ ਤਿਉਹਾਰ ਅੱਜ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਵੱਡੀ ਗਿਣਤੀ ਸ਼ਰਧਾਲੂ ਡੁੱਬਦੇ ਸੂਰਜ ਦੀ ਪ੍ਰਾਰਥਨਾ ਕਰਨ ਅਤੇ ਸ਼ਰਧਾ ਨਾਲ ਰਵਾਇਤੀ ਰਸਮਾਂ ਕਰਨ ਲਈ ਇਕੱਠੇ ਹੋਏ। ਇਸ ਮੌਕੇ ਪੁਰਵਾਂਚਲ ਭਾਈਚਾਰੇ ਦੇ ਗਾਇਕਾਂ ਵੱਲੋਂ ਮਨਮੋਹਕ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ, ਜੋ ਚੰਡੀਗੜ੍ਹ ਦੀ ਏਕਤਾ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀਆਂ ਸਨ।
ਨਗਰ ਨਿਗਮ ਨੇ ਸੁੰਦਰ ਨਗਰ, ਮੌਲੀ ਜਾਗਰਣ ਅਤੇ ਨਿਊ ਇੰਦਰਾ ਕਲੋਨੀ, ਮਨੀਮਾਜਰਾ ਵਿੱਚ ਛਠ ਪੂਜਾ ਸਮਾਗਮ ਕਰਵਾਏ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੈਕਟਰ 56 ਵਿੱਚ ਛਠ ਪੂਜਾ ਸਮਾਗਮ ਵਿੱਚ ਸ਼ਿਰਕਤ ਕੀਤੀ। ਚੀਮਾ ਨੇ ਇਸ ਦਿਨ ਦੀ ਸਮਾਗਮ ਵਿੱਚ ਹਾਜ਼ਰੀਨ ਨੂੰ ਵਧਾਈ ਦਿੱਤੀ। ਉਨ੍ਹਾਂ ਦੇ ਨਾਲ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਅਤੇ ਇਲਾਕਾ ਕੌਂਸਲਰ ਮੁਨੱਵਰ ਵੀ ਮੌਜੂਦ ਸਨ। ਨਗਰ ਨਿਗਮ ਵੱਲੋਂ ਸੁੰਦਰ ਨਗਰ ਵਿੱਚ ਇਲਾਕਾ ਕੌਂਸਲਰ ਬਿਮਲਾ ਦੂਬੇ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਮੁੱਖ ਮਹਿਮਾਨ ਐੱਸ ਡੀ ਐੱਮ (ਪੂਰਬੀ) ਖੁਸ਼ਪ੍ਰੀਤ ਕੌਰ ਸਣੇ ਸਰਬਜੀਤ ਕੌਰ, ਮਹਿੰਦਰ ਕੌਰ ਅਤੇ ਹੋਰ ਕੌਂਸਲਰਾਂ ਨੇ ਸ਼ਰਧਾਲੂਆਂ ਨੂੰ ਇਸ ਸਬੰਧੀ ਮੁਬਾਰਕਾਂ ਦਿੱਤੀਆਂ। ਇਸੇ ਤਰ੍ਹਾਂ ਨਿਊ ਇੰਦਰਾ ਕਲੋਨੀ, ਮਨੀਮਾਜਰਾ ਵਿੱਚ ਸ੍ਰੀਮਤੀ ਸੁਮਨ ਸ਼ਰਮਾ ਨੇ ਮੁੱਖ ਮਹਿਮਾਨਾਂ ਜਸਬੀਰ ਬੰਟੀ ਸੀਨੀਅਰ ਡਿਪਟੀ ਮੇਅਰ, ਤਰੁਣਾ ਮਹਿਤਾ ਡਿਪਟੀ ਮੇਅਰ, ਸੌਰਭ ਜੋਸ਼ੀ ਦਾ ਸਵਾਗਤ ਕੀਤਾ। ਪ੍ਰੇਮ ਲਤਾ ਕੌਂਸਲਰ ਨੇ ਵੀ ਛੱਠ ਪੂਜਾ ਦੀਆਂ ਰਸਮਾਂ ਨਿਭਾਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਮਹਾਰਾਜਾ ਅੱਜ ਸਰੋਵਰ ਵਿੱਚ ਛੱਠ ਪੂਜਾ ਮੌਕੇ ਲੱਗੀਆਂ ਰੌਣਕਾਂ
ਖਰੜ (ਸ਼ਸ਼ੀ ਪਾਲ ਜੈਨ): ਇੱਥੇ ਅੱਜ ਧੂਮਧਾਮ ਨਾਲ ਅਤੇ ਸ਼ਰਧਾ ਨਾਲ ਛੱਠ ਪੂਜਾ ਦਾ ਤਿਉਹਾਰ ਮਨਾਇਆ ਗਿਆ। ਭਗਵਾਨ ਸ੍ਰੀ ਰਾਮ ਚੰਦਰ ਦੇ ਦਾਦਾ ਜੀ ਦੇ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀਆਂ ਨੇ ਪਰਿਵਾਰ ਸਣੇ ਮੱਥਾ ਟੇਕਿਆ। ਸ਼ਾਮ ਵੇਲੇ ਅਸਤ ਹੁੰਦੇ ਸੂਰਜ ਨੂੰ ਬਹੁਤ ਵੱਡੀ ਗਿਣਤੀ ਵਿਚ ਔਰਤਾਂ ਵੱਲੋਂ ਅਰਗ ਦਿੱਤਾ ਗਿਆ। ਇਸ ਸਮੇਂ ਇਸ ਤਿਉਹਾਰ ਨਾਲ ਸਬੰਧਤ ਗੀਤ ਗਾਏ ਗਏ। ਸਰੋਵਰ ਦੇ ਘਾਟਾਂ ਨੂੰ ਬਹੁਤ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ ਅਤੇ ਰੌਸਨੀਆਂ ਵਿੱਚ ਇਹ ਘਾਟ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰ ਰਿਹਾ ਸੀ। ਇੰਝ ਹੀ ਨਜ਼ਦੀਕੀ ਪਿੰਡ ਭੁੱਖੜੀ ਵਿੱਚ ਵੀ ਛੇਵਾਂ ਪੁਰਵਾਂਚਲ ਛੱਠ ਪੂਜਾ ਉਤਸਵ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਥੋਂ ਦੇ ਪ੍ਰਬੰਧਕ ਪ੍ਰਭੂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਉਤਸਵ ਵਿੱਚ ਹਿੱਸਾ ਲਿਆ।
