ਕਮਾਲਪੁਰ ਦੀ ਨਦੀ ਵਿੱਚ ਆ ਰਿਹਾ ਕੈਮੀਕਲ ਵਾਲਾ ਪਾਣੀ ਫੈਲਾ ਰਿਹਾ ਪ੍ਰਦੂਸ਼ਣ
ਪਿੰਡ ਕਮਾਲਪੁਰ ਤੇ ਖੇੜੀ ਸਲਾਬਤਪੁਰ ਵਿਚਕਾਰੋਂ ਲੰਘ ਰਹੀ ਸੀਸਵਾਂ ਨਦੀ ਵਿੱਚ ਕੁਰਾਲੀ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ਵਿੱਚ ਲੱਗੀਆਂ ਫੈਕਟਰੀਆਂ ਦੇ ਗੰਦੇ ਅਤੇ ਕੈਮੀਕਲ ਵਾਲੇ ਪਾਣੀ ਨੂੰ ਡਿਗਣ ਤੋਂ ਰੋਕਣ ਲਈ ਪਿੰਡ ਕਮਾਲਪੁਰ ਵਿੱਚ ਨਦੀ ਕਿਨਾਰੇ ਇਲਾਕਾ ਨਿਵਾਸੀਆਂ ਅਤੇ ਵਾਤਾਵਰਨ ਪ੍ਰੇਮੀਆਂ ਦਾ ਇਕੱਠ ਹੋਇਆ, ਜਿਸ ਵਿੱਚ ਪਿੰਡ ਵਾਸੀਆਂ ਨੇ ਇਸ ਗੰਦੇ ਪਾਣੀ ਕਾਰਨ ਇਲਾਕੇ ਦੇ ਵਾਤਾਵਰਨ ਅਤੇ ਪੀਣ ਵਾਲੇ ਪਾਣੀ ਤੇ ਪੈ ਰਹੇ ਪ੍ਰਭਾਵ ਅਤੇ ਪਿੰਡ ਕਮਾਲਪੁਰ ਤੇ ਖੇੜੀ ਸਲਾਬਤਪੁਰ ਵਿੱਚ ਦਿਨੋ ਦਿਨ ਪੈਰ ਪਸਾਰ ਰਹੀਆਂ ਭਿਆਨਕ ਬਿਮਾਰੀਆਂ ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਸ ਨਦੀ ਵਿੱਚ ਡਿੱਗ ਰਹੇ ਫੈਕਟਰੀਆਂ ਦੇ ਕੈਮੀਕਲ ਵਾਲੇ ਪਾਣੀ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ।
ਉਕਤ ਪਿੰਡਾਂ ਵਾਸੀਆਂ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਯੋਗ ਹੱਲ ਨਾ ਕੱਢਿਆ ਗਿਆ ਤਾਂ ਇਲਾਕਾ ਨਿਵਾਸੀਆਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਪਾਣੀ ਦੇ ਸੈਂਪਲ ਲੈ ਲਏ ਗਏ ਹਨ । ਇਨ੍ਹਾਂ ਦੀ ਰਿਪੋਰਟ ਮਿਲਣ ਉਪਰੰਤ ਫੈਕਟਰੀਆਂ ਖਿਲਾਫ ਬਣਦੀ ਕਾਰਵਾਈ ਕਰਨ ਬਾਰੇ ਕਿਹਾ ਗਿਆ ਹੈ।
