ਬਾਪੂ ਧਾਮ ਕਲੋਨੀ ਤੋਂ ਬਰਾਮਦ ਪਨੀਰ ਦੇ ਸੈਂਪਲ ਫੇਲ੍ਹ
ਪੱਤਰ ਪ੍ਰੇਰਕ
ਚੰਡੀਗੜ੍ਹ, 19 ਜੂਨ
ਯੂਟੀ ਦੇ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ 11 ਜੂਨ ਨੂੰ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਵਿੱਚੋਂ ਛਾਪੇਮਾਰੀ ਦੌਰਾਨ ਫੜੇ ਗਏ 450 ਕਿਲੋਗ੍ਰਾਮ ਪਨੀਰ ਦੇ ਸੈਂਪਲ ਫੇਲ੍ਹ ਹੋ ਗਏ ਹਨ। ਫੂਡ ਐਨਾਲਿਸਟ ਲੈਬਾਰਟਰੀ ਨੇ ਇਸ ਪਨੀਰ ਦੇ ਨਮੂਨਿਆਂ ਨੂੰ ਅਸੁਰੱਖਿਅਤ ਅਤੇ ਘਟੀਆ ਦੱਸਿਆ ਅਤੇ ਉਸ ਰਿਪੋਰਟ ਦੇ ਅਧਾਰ ਉਤੇ ਫੂਡ ਸੇਫ਼ਟੀ ਵਿਭਾਗ ਨੇ ਉਚਿਤ ਪ੍ਰਕਿਰਿਆ ਦਾ ਪਾਲਣ ਕਰਦਿਆਂ ਐੱਮ.ਸੀ. ਵੇਸਟ ਡਿਸਪੋਜ਼ਲ ਪਲਾਂਟ ਵਿੱਚ ਜ਼ਬਤ ਕੀਤੇ 450 ਕਿਲੋਗ੍ਰਾਮ ਪਨੀਰ ਨੂੰ ਨਸ਼ਟ ਕਰ ਦਿੱਤਾ ਹੈ।
ਇਸ ਸਬੰਧ ਵਿੱਚ ਯੂ.ਟੀ. ਸਿਹਤ ਵਿਭਾਗ ਵੱਲੋਂ ਭੇਜੀ ਗਈ ਅਧਿਕਾਰਿਤ ਰਿਪੋਰਟ ਵਿੱਚ ਦੱਸਿਆ ਗਿਆ ਕਿ ਫੂਡ ਸੇਫਟੀ ਅਫ਼ਸਰ ਨੇ ਬਾਪੂ ਧਾਮ ਕਾਲੋਨੀ ਵਿੱਚੋਂ ਪਨੀਰ ਦਾ ਸੈਂਪਲ ਲਿਆ ਸੀ ਜਿਸ ਦੇ ਸੈਂਪਲ ਫੇਲ੍ਹ ਹੋ ਗਏ ਹਨ। ਸਿਹਤ ਵਿਭਾਗ ਚੰਡੀਗੜ੍ਹ ਨੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਨੀਰ ਕੇਵਲ ਉਸ ਪ੍ਰਮਾਣਿਕ ਸਰੋਤ ਤੋਂ ਹੀ ਖਰੀਦਣ ਜਿਸ ਕੋਲ਼ ਉਚਿਤ ਐੱਫ.ਐੱਸ.ਏ.ਆਈ. ਲਾਇਸੈਂਸ ਹੈ। ਜੇਕਰ ਕਿਸੇ ਵਿਅਕਤੀ ਨੂੰ ਪਨੀਰ ਦੀ ਗੁਣਵੱਤਾ ਬਾਰੇ ਕੋਈ ਸ਼ੱਕ ਹੈ ਤਾਂ ਇਸ ਦੀ ਰਿਪੋਰਟ ਫੂਡ ਸੇਫਟੀ ਵਿਭਾਗ, ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ, ਸੈਕਟਰ-16, ਚੰਡੀਗੜ੍ਹ ਨੂੰ ਕੀਤੀ ਜਾਵੇ।