ਚਤੁਰਵੇਦੀ ਮਾਮਲਾ: ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ
Punjab RS bypoll: Navneet Chaturvedi,
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਨਵਨੀਤ ਚਤੁਰਵੇਦੀ ਦੀ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਜਦੋਂ ਕਿ ਪੰਜਾਬ ਪੁਲੀਸ ਵੱਲੋਂ ਦਾਇਰ ਇੱਕ ਵੱਖਰੀ ਪਟੀਸ਼ਨ ’ਤੇ ਚਤੁਰਵੇਦੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਹਾਈ ਕੋਰਟ ’ਚ ਹੁਣ ਅਗਲੀ ਸੁਣਵਾਈ 4 ਨਵੰਬਰ ਨੂੰ ਹੋਵੇਗੀ। ਦੱਸਣਯੋਗ ਹੈ ਕਿ ਰਾਜ ਸਭਾ ਦੀ ਉਪ ਚੋਣ ’ਚ ਨਵਨੀਤ ਚਤੁਰਵੇਦੀ ਨੇ ਆਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਦਾਖਲ ਕੀਤੇ ਸਨ।
ਚਤੁਰਵੇਦੀ ਨੇ ਦਸ ‘ਆਪ’ ਵਿਧਾਇਕਾਂ ਦੇ ਲਿਖਤੀ ਸਮਰਥਨ ਵਾਲਾ ਪੱਤਰ ਵੀ ਲਗਾਇਆ ਸੀ। ਜਦੋਂ ਰਿਟਰਨਿੰਗ ਅਫ਼ਸਰ ਨੇ ਪੜਤਾਲ ਕੀਤੀ ਤਾਂ ਵਿਧਾਇਕਾਂ ਦੇ ਦਸਤਖ਼ਤ ਫ਼ਰਜ਼ੀ ਨਿਕਲੇ। ਇਸੇ ਦੌਰਾਨ ਰੋਪੜ, ਲੁਧਿਆਣਾ, ਮੋਗਾ ਅਤੇ ਸਰਦੂਲਗੜ੍ਹ ਦੀ ਪੁਲੀਸ ਨੇ ਵਿਧਾਇਕਾਂ ਦੀ ਸ਼ਿਕਾਇਤ ’ਤੇ ਨਵਨੀਤ ਚਤੁਰਵੇਦੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਰੋਪੜ ਪੁਲੀਸ ਜਦੋਂ ਲੰਘੇ ਕੱਲ੍ਹ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਲਈ ਚੰਡੀਗੜ੍ਹ ਪਹੁੰਚੀ ਤਾਂ ਯੂਟੀ ਪੁਲੀਸ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਚਤੁਰਵੇਦੀ ਨੂੰ ਚੰਡੀਗੜ੍ਹ ਪੁਲੀਸ ਨੇ ਸੈਕਟਰ ਤਿੰਨ ਦੇ ਥਾਣੇ ’ਚ ਆਪਣੀ ਪਹਿਰੇਦਾਰੀ ਹੇਠ ਰੱਖਿਆ।
ਨਵਨੀਤ ਚਤੁਰਵੇਦੀ ਨੇ ਅੱਜ ਹਾਈ ਕੋਰਟ ’ਚ ਪਟੀਸ਼ਨ ਪਾ ਕੇ ਆਪਣੀ ਜਾਨ ਮਾਲ ਨੂੰ ਖ਼ਤਰਾ ਦੱਸਿਆ ਅਤੇ ਪੁਲੀਸ ਵੱਲੋਂ ਦਰਜ ਕੇਸਾਂ ਦਾ ਵੇਰਵਾ ਮੰਗਿਆ। ਚਤੁਰਵੇਦੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਬਿਨਾਂ ਕਿਸੇ ਲੋੜੀਂਦੀ ਪ੍ਰਕਿਰਿਆ ਅਖ਼ਤਿਆਰ ਕੀਤੇ ਕੇਸ ਦਰਜ ਕੀਤੇ ਗਏ ਹਨ ਅਤੇ ਯੂਟੀ ਪੁਲੀਸ ਦੀ ਮੌਜੂਦਗੀ ’ਚ ਉਨ੍ਹਾਂ ਨੂੰ ਰੋਪੜ ਪੁਲੀਸ ਨੇ ਜਬਰੀ ਲਿਜਾਣ ਦੀ ਕੋਸ਼ਿਸ਼ ਕੀਤੀ। ਹਾਈ ਕੋਰਟ ਨੇ ਇਸ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਇਸੇ ਤਰ੍ਹਾਂ ਪੰਜਾਬ ਪੁਲੀਸ ਵੱਲੋਂ ਵੀ ਅੱਜ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਜਿਸ ’ਤੇ ਸੁਣਵਾਈ ਦੌਰਾਨ ਐਡਵੋਕੇਟ ਜਨਰਲ ਪੰਜਾਬ ਖ਼ੁਦ ਹਾਜ਼ਰ ਰਹੇ। ਪੰਜਾਬ ਪੁਲੀਸ ਦਾ ਕਹਿਣਾ ਹੈ ਕਿ ਚਤੁਰਵੇਦੀ ਦੇ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਬਾਵਜੂਦ ਚੰਡੀਗੜ੍ਹ ਪੁਲੀਸ ਨੇ ਪੰਜਾਬ ਪੁਲੀਸ ਦੇ ਕੰਮ ਵਿਚ ਦਾਖਲ ਦਿੱਤਾ ਹੈ। ਹੁਣ ਅਗਲੀ ਸੁਣਵਾਈ 4 ਨਵੰਬਰ ਨੂੰ ਹੋਵੇਗੀ।