ਚੰਨੀ ਵੱਲੋਂ ਦਰਿਆ ’ਤੇ ਬੰਨ੍ਹ ਦੇ ਕੰਮ ਦੀ ਸਮੀਖਿਆ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਦਰਿਆ ਸਤਲੁਜ ਵਿੱਚ ਵਧੇ ਹੋਏ ਪਾਣੀ ਕਾਰਨ ਪ੍ਰਭਾਵਿਤ ਹੋ ਰਹੇ ਬੰਨ੍ਹ ਨੂੰ ਬਚਾਉਣ ਲਈ ਜਾਰੀ ਕੰਮਾਂ ਵਿੱਚ ਖੁਦ ਮਿੱਟੀ ਦੇ ਥੈਲੇ ਭਰ ਕੇ ਫੌਜ ਦੇ ਜਵਾਨਾਂ ਨਾਲ ਰਲ ਕੇ ਦਰਿਆ ਦੇ ਵਹਾਅ ਨੂੰ ਬੰਨ੍ਹ ਵੱਲ ਆਉਣ ਤੋਂ ਰੋਕਣ ਲਈ ਦਰਿਆ ਦੇ ਕੰਢੇ ’ਤੇ ਲਗਾਇਆ ਗਿਆ। ਬੀਤੇ ਦਿਨਾਂ ਤੋਂ ਇਸ ਕਾਰਜ ਵਿੱਚ ਜੁਟੇ ਹੋਏ ਇਲਾਕੇ ਦੇ ਨੌਜਵਾਨਾਂ ਅਤੇ ਫੌਜ ਦੇ ਜਵਾਨਾਂ ਵਿੱਚ ਹੋਰ ਜੋਸ਼ ਭਰਕੇ ਕੰਮ ਲਈ ਉਤਸ਼ਾਹਿਤ ਕਰਨ ਵਾਸਤੇ ਉਨ੍ਹਾਂ ਭਾਰਤੀ ਫੌਜ ਦੇ ਹੱਕ ਵਿੱਚ ਨਾਅਰੇ ਵੀ ਲਗਾਏ। ਸ੍ਰੀ ਚੰਨੀ ਨੇ ਨਾ ਸਿਰਫ ਮੌਕੇ ’ਤੇ ਪਹੁੰਚ ਕੇ ਚੱਲ ਰਹੇ ਕੰਮ ਵਿਚ ਸਹਿਯੋਗ ਕੀਤਾ ਸਗੋਂ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਦੇ ਦੁੱਖ-ਦਰਦ ਵੀ ਸਾਂਝੇ ਕੀਤੇ। ਸ੍ਰੀ ਚੰਨੀ ਨੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨਾਲ ਫੋਨ ’ਤੇ ਗੱਲ ਕਰਦਿਆਂ ਉਨ੍ਹਾਂ ਨੂੰ ਦਰਿਆ ਦੇ ਪਾਣੀ ਦਾ ਵਹਾਅ ਦੂਜੇ ਪਾਸੇ ਡਾਈਵਰਟ ਕਰਨ ਲਈ ਪੋਕਲੇਨ ਤੇ ਜੇਸੀਬੀ ਮਸ਼ੀਨ ਮੁਹੱਈਆ ਕਰਵਾਉਣ ਲਈ ਕਿਹਾ। ਸ੍ਰੀ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ ਹਜ਼ਾਰਾਂ ਪਰਿਵਾਰਾਂ ਦੇ ਘਰ, ਫ਼ਸਲਾਂ ਅਤੇ ਜਾਨਵਰ ਖਤਰੇ ਵਿੱਚ ਆ ਸਕਦੇ ਹਨ। ਇਸ ਲਈ ਬੰਨ੍ਹ ਦੀ ਸੰਭਾਲ ਸਾਡੇ ਲਈ ਤਰਜੀਹ ਹੋਣੀ ਚਾਹੀਦੀ ਹੈ। ਇਸ ਮੌਕੇ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਸਾਬਕਾ ਡਾਇਰੈਕਟਰ ਦਵਿੰਦਰ ਸਿੰਘ ਜਟਾਣਾ, ਸਮਾਜਸੇਵੀ ਲਖਵਿੰਦਰ ਸਿੰਘ ਭੂਰਾ ਹਾਜ਼ਰ ਸਨ।