ਚੰਨੀ ਵੱਲੋਂ ਸਤਲੁਜ ਦਰਿਆ ’ਤੇ ਚੱਲ ਰਹੇ ਕੰਮਾਂ ਦੀ ਸਮੀਖਿਆ
ਬੀਤੇ ਦਿਨਾਂ ਤੋਂ ਇਸ ਕਾਰਜ ਵਿੱਚ ਜੁਟੇ ਹੋਏ ਇਲਾਕੇ ਦੇ ਨੌਜਵਾਨਾਂ ਅਤੇ ਫੌਜ ਦੇ ਜਵਾਨਾਂ ਵਿੱਚ ਹੋਰ ਜੋਸ਼ ਭਰਕੇ ਕੰਮ ਲਈ ਉਤਸਾਹਿਤ ਕਰਨ ਵਾਸਤੇ ਉਨ੍ਹਾਂ ਭਾਰਤੀ ਫੌਜ ਦੇ ਹੱਕ ਵਿੱਚ ਨਾਅਰੇ ਵੀ ਲਗਾਏ। ਚੰਨੀ ਨੇ ਨਾ ਸਿਰਫ ਮੌਕੇ ’ਤੇ ਪਹੁੰਚ ਕੇ ਚੱਲ ਰਹੇ ਕੰਮ ਵਿਚ ਸਹਿਯੋਗ ਕੀਤਾ ਸਗੋਂ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਦੇ ਦੁੱਖ-ਦਰਦ ਵੀ ਸੁਣੇ। ਇਲਾਕੇ ਦੇ ਨੌਜਵਾਨਾਂ ਤੇ ਹੋਰ ਲੋਕਾਂ ਵੱਲੋਂ ਬੀਤੇ ਦਿਨ ਇਸ ਬੰਨ੍ਹ ਨੂੰ ਬਚਾਉਣ ਲਈ ਲਗਾਈਆਂ ਗਈਆਂ ਰੋਕਾਂ ਦਰਿਆ ਵਿੱਚ ਤੇਜ਼ ਪਾਣੀ ਆਉਣ ਕਾਰਨ ਹੜ੍ਹ ਜਾਣ ਨਾਲ ਸਥਿਤੀ ਕਾਫੀ ਗੰਭੀਰ ਬਣ ਗਈ ਸੀ ਪਰ ਇਲਾਕੇ ਦੇ ਲੋਕਾਂ ਵੱਲੋਂ ਆਪੋ-ਆਪਣੇ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਰਾਹੀਂ ਮਿੱਟੀ ਅਤੇ ਮਿੱਟੀ ਦੇ ਥੈਲੇ ਭਰ ਕੇ ਲਿਆਉਣ ਨਾਲ ਨੌਜਵਾਨਾਂ ਨੇ ਇਹ ਰੋਕਾਂ ਮੁੜ ਲਗਾ ਕੇ ਪਾਣੀ ਦਾ ਬੰਨ੍ਹ ਵੱਲ ਵਧਣਾ ਰੋਕ ਦਿੱਤਾ।
ਚੰਨੀ ਨੇ ਡਿਪਟੀ ਕਮਿਸ਼ਨ ਵਰਜੀਤ ਸਿੰਘ ਵਾਲੀਆ ਨਾਲ ਫੋਨ ’ਤੇ ਗੱਲ ਕਰਦਿਆਂ ਉਨ੍ਹਾਂ ਨੂੰ ਦਰਿਆ ਦੇ ਪਾਣੀ ਦਾ ਵਹਾਅ ਦੂਜੇ ਪਾਸੇ ਕਰਨ ਲਈ ਪੋਕਲੇਨ ਤੇ ਜੇਸੀਬੀ ਮਸ਼ੀਨ ਮੁਹੱਈਆ ਕਰਵਾਉਣ ਲਈ ਕਿਹਾ ਤਾਂ ਜੋ ਪਿੰਡ ਦਾਊਦਪੁਰ ਵਾਲੇ ਬੰਨ ਤੇ ਦਰਿਆਈ ਪਾਣੀ ਦੇ ਦਵਾ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਵੀ ਸਿੰਜਾਈ ਵਿਭਾਗ ਦੇ ਐਕਸੀਅਨ ਦੀ ਅਗਵਾਈ ਹੇਠ ਤੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਜੇਸੀਬੀ ਮਸ਼ੀਨ ਰਾਹੀਂ ਇਸ ਪਾਣੀ ਦਾ ਵਹਾ ਦੂਜੇ ਪਾਸੇ ਮੋੜ ਦਿੱਤਾ ਗਿਆ ਸੀ, ਕਿਉਂਕਿ ਉਸ ਪਾਸੇ ਕੋਈ ਪਿੰਡ ਜਾਂ ਆਬਾਦੀ ਨਹੀਂ ਅਤੇ ਹੁਣ ਵੀ ਅਜਿਹਾ ਕਰਕੇ ਪੂਰੇ ਬੇਟ ਇਲਾਕੇ ਨੂੰ ਹੜਾਂ ਕਰਨ ਤਬਾਹ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਇਹ ਬੰਨ੍ਹ ਜੇ ਟੁੱਟ ਜਾਂਦਾ ਹੈ ਤਾਂ ਹਜ਼ਾਰਾਂ ਪਰਿਵਾਰਾਂ ਦੇ ਘਰ, ਫ਼ਸਲਾਂ ਅਤੇ ਜਾਨਵਰ ਖਤਰੇ ਵਿੱਚ ਆ ਸਕਦੇ ਹਨ। ਇਸ ਲਈ ਬੰਨ੍ਹ ਦੀ ਸੰਭਾਲ ਸਾਡੇ ਲਈ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।’’
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਸਾਬਕਾ ਡਾਇਰੈਕਟਰ ਦਵਿੰਦਰ ਸਿੰਘ ਜਟਾਣਾ, ਸਮਾਜਸੇਵੀ ਲਖਵਿੰਦਰ ਸਿੰਘ ਭੂਰਾ, ਮਾਸਟਰ ਰਣਜੀਤ ਸਿੰਘ ਹਵਾਰਾ, ਬਲਦੇਵ ਸਿੰਘ ਹਾਫਿਜ਼ਾਬਾਦ, ਭਾਈ ਪਰਮਿੰਦਰ ਸਿੰਘ ਸੇਖੋ ਅਤੇ ਲਖਵੀਰ ਸਿੰਘ ਲੱਖੀ ਆਦਿ ਹਾਜ਼ਰ ਸਨ।
ਲੋਕਾਂ ਲਈ ਮੈਡੀਕਲ ਕੈਂਪ
ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਬਲਵਿੰਦਰ ਕੌਰ ਦੇ ਦਿਰਦੇਸ਼ਾਂ ਅਨੁਸਾਰ ਕਾਰਜਕਾਰੀ ਐੱਸਐੱਮਓ ਡਾ. ਸੁਮਿਤਾ ਸ਼ਰਮਾ ਦੀ ਅਗਵਾਈ ਹੇਠ ਪਿੰਡ ਦਾਊਦਪੁਰ ਦਰਿਆ ਦੇ ਕੰਢੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਦਰਿਆ ’ਤੇ ਚੱਲ ਰਹੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਲੋਕਾਂ ਨੂੰ ਕਿਸੀ ਵੀ ਮੈਡੀਕਲ ਸਹਾਇਤਾ ਦੀ ਜਰੂਰਤ ਪੈਣ ਤੇ ਮੈਡੀਕਲ ਟੀਮ ਵੱਲੋਂ ਦਵਾਈ ਦਿੱਤੀ ਜਾ ਸਕੇ। ਡਾ. ਸੁਮਿਤਾ ਸ਼ਰਮਾ ਨੇ ਦੱਸਿਆ ਕਿ ਕੈਂਪ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਹੜ੍ਹਾਂ ਦੀ ਸਥਿਤੀ ਵਿੱਚ ਸਿਹਤ ਦੀ ਸੰਭਾਲ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾ ਰਹੀ।