Rock Garden faces demolition ਨੇਕ ਚੰਦ ਦੀ ਵਿਰਾਸਤ ਦੇ ਇਕ ਹਿੱਸੇ ਨੂੰ ਢਾਹੁਣ ਖਿਲਾਫ਼ ਚੰਡੀਗੜ੍ਹੀਆਂ ਦਾ ਗੁੱਸਾ ਫੁੱਟਿਆ
ਸ਼ੀਤਲ
ਚੰਡੀਗੜ੍ਹ, 23 ਫਰਵਰੀ
'So sorry, Nek Chand' ਚੰਡੀਗੜ੍ਹ ਵਿੱਚ Nek Chand ਵੱਲੋਂ ਬਣਾਇਆ Rock Garden, ਜਿਸ ਨੂੰ ਰੀਸਾਈਕਲ ਕੀਤੀਆਂ ਚੀਜ਼ਾਂ ਦੀ ਨਵੀਨਤਾਕਾਰੀ ਅਤੇ ਕਲਾਤਮਕ ਵਰਤੋਂ ਲਈ ਜਾਣਿਆ ਜਾਂਦਾ ਹੈ, ਨੂੰ ਇੱਕ ਵੱਡੀ ਚੁਣੌਤੀ ਦਰਪੇਸ਼ ਹੈ। ਰੌਕ ਗਾਰਡਨ ਦੇ ਕੁਝ ਹਿੱਸਿਆਂ ਨੂੰ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਲਈ ਢਾਹਿਆ ਜਾ ਰਿਹਾ ਹੈ। ਇਸ ਯੋਜਨਾ ਦਾ ਮੰਤਵ ਹਾਈ ਕੋਰਟ ਦੇ ਨੇੜੇ ਵਾਧੂ ਪਾਰਕਿੰਗ ਲਈ ਜਗ੍ਹਾ ਬਣਾਉਣਾ ਹੈ, ਪਰ ਇਸ ਨਾਲ ਰੌਕ ਗਾਰਡਨ ਦੇ ਬਾਗ਼ ਦੀ ਕੰਧ ਦਾ ਇੱਕ ਹਿੱਸਾ ਤਬਾਹ ਹੋ ਗਿਆ ਹੈ। ਪ੍ਰਸ਼ਾਸਨ ਦੀ ਇਸ ਕਾਰਵਾਈ ਖਿਲਾਫ਼ ਸਥਾਨਕ ਲੋਕਾਂ ਵਿੱਚ ਗੁੱਸਾ ਹੈ, ਕਿਉਂਕਿ ਰੌਕ ਗਾਰਡਨ, ਜੋ ਰਚਨਾਤਮਕ ਅਤੇ ਟਿਕਾਊ ਕਲਾ ਦਾ ਪ੍ਰਤੀਕ ਹੈ, ਚੰਡੀਗੜ੍ਹ ਵਾਸੀਆਂ ਲਈ ਬਹੁਤ ਭਾਵਨਾਤਮਕ ਅਤੇ ਸੱਭਿਆਚਾਰਕ ਅਹਿਮੀਅਤ ਰੱਖਦਾ ਹੈ। ਨੇਕ ਚੰਦ ਦੇ ਪੁੱਤਰ ਅਨੁਜ ਸੈਣੀ ਨੇ ਵੀ ਆਪਣੇ ਪਿਤਾ ਦੀ ਵਿਰਾਸਤ ਨੂੰ ਪੁੱਜੇ ਨੁਕਸਾਨ ’ਤੇ ਡੂੰਘੀ ਚਿੰਤਾ ਜਤਾਈ ਹੈ।
ਵਿਰਾਸਤ ਦੀ ਸਾਂਭ ਸੰਭਾਲ ਵਿੱਚ ਲੱਗੇ ਕਾਰਕੁਨਾਂ ਨੇ ਇਸ ਪੇਸ਼ਕਦਮੀ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਅਜਿਹੇ ਵਿਲੱਖਣ ਮੀਲਪੱਥਰ ਦੀ ਤਬਾਹੀ ਚੰਡੀਗੜ੍ਹ ਦੇ ਵਾਤਾਵਰਨ ਤੇ ਇਤਿਹਾਸਕ ਅਖੰਡਤਾ ਦੋਵਾਂ ਨਾਲ ਸਮਝੌਤਾ ਹੈ। ਰੌਕ ਗਾਰਡਨ ਦੇ ਇਕ ਹਿੱਸੇ ਨੂੰ ਪੁੱਜੇ ਨੁਕਸਾਨ ਦੇ ਜਵਾਬ ਵਿਚ ਸਬੰਧਤ ਨਾਗਰਿਕਾਂ ਨੇ ਅੱਜ (23 ਫਰਵਰੀ ਨੂੰ) ਦੁਪਹਿਰ 3 ਵਜੇ ਰੌਕ ਗਾਰਡਨ (ਹਾਈ ਕੋਰਟ ਪਾਰਕਿੰਗ ਸਾਈਡ) ਵਿਖੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਇਸ ਸਬੰਧੀ ਆਨਲਾਈਨ ਸਰਕੁਲੇਟ ਹੋਏ ਇਕ ਪੋਸਟਰ ਵਿਚ ਲੋਕਾਂ ਨੂੰ ਪ੍ਰਸ਼ਾਸਨ ਦੀ ਉਪਰੋਕਤ ਪੇਸ਼ਕਦਮੀ ਦਾ ਵਿਰੋਧ ਕਰਨ ਅਤੇ ਸ਼ਹਿਰ ਦੀ ਵਿਲੱਖਣ ਵਿਰਾਸਤ ਦੀ ਰੱਖਿਆ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਹ ਤਸਵੀਰ ਰੌਕ ਗਾਰਡਨ ਦੀ ਕੰਧ ਦੇ ਕੁਝ ਹਿੱਸਿਆਂ ਨੂੰ ਢਾਹ ਰਹੇ ਬੁਲਡੋਜ਼ਰਾਂ ਦੇ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਨੂੰ ਦਰਸਾਉਂਦੀ ਹੈ।
ਸੀਨੀਅਰ ਵਕੀਲ ਮਨਮੋਹਨ ਲਾਲ ਸਰੀਨ, ਜਿਨ੍ਹਾਂ ਨੂੰ ਮੈਕ ਸਰੀਨ ਵੀ ਕਿਹਾ ਜਾਂਦਾ ਹੈ, ਨੇ ਯੂਟੀ ਪ੍ਰਸ਼ਾਸਨ ਦੇ ਉਪਰੋਕਤ ਫੈਸਲੇ ਖਿਲਾਫ਼ ਆਪਣਾ ਫ਼ਿਕਰ ਜਤਾਉਂਦਿਆਂ ਐਕਸ ’ਤੇ ਲਿਖਿਆ, ‘‘ਨੇਕ ਚੰਦ ਸੈਣੀ, ਤੁਹਾਡੀ ਬੇਸ਼ਕੀਮਤੀ ਰਚਨਾ ਨੂੰ ਸੜਕ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਪਾਰਕਿੰਗ ਲਈ ਰਸਤਾ ਬਣਾਉਣ ਵਾਸਤੇ ਢਾਹਿਆ ਜਾ ਰਿਹਾ ਹੈ। ਅਸੀਂ, ਚੰਡੀਗੜ੍ਹ ਦੇ ਲੋਕਾਂ ਅਤੇ ਪ੍ਰਸ਼ਾਸਨ ਨੇ, ਤੁਹਾਨੂੰ ਨਿਰਾਸ਼ ਕੀਤਾ ਹੈ, ਉਹ ਵੀ ਤੁਹਾਡੇ ਜਨਮ ਸ਼ਤਾਬਦੀ ਸਾਲ ਵਿੱਚ। ਮੇਰੀਆਂ ਅੱਖਾਂ ਵਿੱਚ ਅਥਰੂ ਹਨ।’’ ਉਨ੍ਹਾਂ ‘ਖ਼ੂਬਸੂਰਤ ਪੁਰਾਣੇ ਰੁੱਖਾਂ’ ਨੂੰ ਕੱਟਣ ’ਤੇ ਵੀ ਨਿਰਾਸ਼ਾ ਜਤਾਈ। ਉਨ੍ਹਾਂ ਅੱਗੇ ਕਿਹਾ, ‘‘ਦੁਨੀਆ ਇੱਕ ਸਾਫ਼ ਵਾਤਾਵਰਨ ਬਣਾਉਣ ਲਈ ਕੰਕਰੀਟ ਦੇ ਸ਼ਹਿਰ ਦੇ ਕੇਂਦਰਾਂ ਨੂੰ ਹਰੇ ਭਰੇ ਖੇਤਰਾਂ ਵਿੱਚ ਬਦਲ ਰਹੀ ਹੈ, ਜਦੋਂ ਕਿ ਅਸੀਂ ਇਸ ਦੇ ਉਲਟ ਕਰ ਰਹੇ ਹਾਂ।’’ ਸਰੀਨ ਦੀ ਇਹ ਲੰਮੀ ਪੋਸਟ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਈ, ਕਿਉਂਕਿ ਹਾਈ ਕੋਰਟ ਦੇ ਗੇਟ ਨੇੜੇ ਰੌਕ ਗਾਰਡਨ ਦੇ ਇਕ ਹਿੱਸੇ ਨੂੰ ਢਾਹੁਣ ਵਾਲੀ ਥਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਤੇ ਵੱਖ-ਵੱਖ ਭਾਈਚਾਰਕ ਸਮੂਹਾਂ ’ਤੇ ਵੱਡੇ ਪੱਧਰ ’ਤੇ ਵਾਇਰਲ ਹੋਈਆਂ ਹਨ।
ਉਧਰ ਚੰਡੀਗੜ੍ਹ ਵਿਰਾਸਤ ਸੰਭਾਲ ਕਮੇਟੀ (CHCC) ਦੇ ਮੈਂਬਰਾਂ ਨੇ ਇਸ ਪੇਸ਼ਕਦਮੀ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਹੈ ਕਿ ਇਹ ਕਾਰਵਾਈ ਭਵਿੱਖ ਵਿਚ ਸ਼ਹਿਰ ਦੇ ਬਚਾਅ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਲਈ ਖ਼ਤਰਨਾਕ ਮਿਸਾਲ ਬਣ ਸਕਦੀ ਹੈ। ਰੌਕ ਗਾਰਡਨ ਦੇ ਇਕ ਹਿੱਸੇ ਨੂੰ ਢਾਹੁਣ ਦਾ ਕੰਮ ਜਾਰੀ ਹੈ, ਬੁਲਡੋਜ਼ਰ ਦਿਨ-ਰਾਤ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਲ 1989 ਵਿਚ ਅਜਿਹੀ ਹੀ ਇਕ ਕੋਸ਼ਿਸ਼ ਨੂੰ ਰੋਕਣ ਲਈ ਸਥਾਨਕ ਲੋਕਾਂ ਨੇ ਮਨੁੱਖੀ ਲੜੀ ਬਣਾਈ ਸੀ।