ਚੰਡੀਗੜ੍ਹੀਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਦਸਹਿਰਾ ਮਨਾਇਆ
ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਵੱਖ-ਵੱਖ ਥਾਈਂ ਦੁਸਹਿਰਾ ਕਮੇਟੀਆਂ ਵੱਲੋਂ ਕਰਵਾਏ ਗਏ ਸਮਾਗਮਾਂ ਵਿੱਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਸ ਤੋਂ ਪਹਿਲਾਂ ਸਮਾਗਮਾਂ ਵਿੱਚ ਝਾਕੀਆਂ ਕੱਢੀਆਂ ਗਈਆਂ ਅਤੇ ਸੂਰਜ ਢਲ਼ਦਿਆਂ ਹੀ ਪੁਤਲਿਆਂ ਨੂੰ ਅੱਗ ਲਗਾਈ ਗਈ। ਸ਼ਹਿਰ ਦੀਆਂ ਮਾਰਕੀਟਾਂ ਵਿੱਚ ਖਰੀਦੋ-ਫਰੋਖ਼ਤ ਲਈ ਲੋਕਾਂ ਦੀ ਭੀੜ ਲੱਗੀ ਰਹੀ। ਸੈਕਟਰ 46 ਵਿੱਚ ਕਰਵਾਏ ਦਸਹਿਰਾ ਸਮਾਗਮ ਵਿੱਚ 101 ਫੁੱਟ ਉੱਚੇ ਰਾਵਣ ਨੂੰ ਅੱਗ ਲਗਾਈ ਗਈ ਜਿੱਥੇ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਵੀ ਇਸ ਮੌਕੇ ਮੌਜੂਦ ਸਨ। ਸ੍ਰੀ ਕਟਾਰੀਆ ਨੇ ਸ਼ਹਿਰ ਵਾਸੀਆਂ ਨੂੰ ਇਸ ਵਿਜੈ-ਦਿਵਸ ਦੀ ਵਧਾਈ ਦਿੱਤੀ ਅਤੇ ਇਸ ਨੂੰ ਅਧਰਮ ’ਤੇ ਧਰਮ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਰਾਵਣ ਭਾਵੇਂ ਸ਼ਿਵ ਜੀ ਦਾ ਭਗਤ ਸੀ ਅਤੇ ਸ਼ਸਤਰ ਵਿੱਦਿਆ ਦਾ ਬਹੁਤ ਵੱਡਾ ਵਿਦਵਾਨ ਸੀ ਪ੍ਰੰਤੂ ਉਸ ਵਿੱਚ ਸਿਰਫ਼ ਇੱਕ ਬੁਰਾਈ ਹੋਣ ਕਰਕੇ ਅੱਜ ਪੂਰਾ ਦੇਸ਼ ਉਸ ਦੇ ਪੁਤਲੇ ਸਾੜ ਰਿਹਾ ਹੈ। ਇਸ ਤੋਂ ਇਲਾਵਾ ਸੈਕਟਰ 17, 24, 27, 29, 30, 34, 41, 43, 48 ਆਦਿ ਵਿਖੇ ਵੀ ਦਸਹਿਰਾ ਸਮਾਗਮ ਕਰਵਾਏ ਗਏ। ਦਸਹਿਰਾ ਸਮਾਗਮਾਂ ਵਿੱਚ ਚੰਡੀਗੜ੍ਹ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਸਿਵਲ ਵਿੱਚ ਵੀ ਪੁਲੀਸ ਵੱਲੋਂ ਨਿਗਾਹ ਰੱਖੀ ਜਾ ਰਹੀ ਸੀ। ਸਮਾਗਮਾਂ ਵਿੱਚ ਪੁਲੀਸ ਵੱਲੋਂ ਵੀ ਆਪਣੀ ਵੱਖਰੀ ਡਿਊਟੀ ਨਿਭਾਉਂਦਿਆਂ ਸ਼ਹਿਰ ਨਿਵਾਸੀਆਂ ਨੂੰ ਸਾਈਬਰ ਅਪਰਾਧਾਂ ਅਤੇ ਨਿੱਤ ਦਿਨ ਹੋ ਰਹੀਆਂ ਵੱਖੋ-ਵੱਖਰੇ ਢੰਗਾਂ ਦੀਆਂ ਧੋਖਾਧੜੀਆਂ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਗਿਆ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਦਸਹਿਰੇ ਮੌਕੇ ਅੱਜ ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਵਿੱਚ ਰਾਮ ਲੀਲਾ ਕਮੇਟੀਆ ਅਤੇ ਕਲੱਬਾਂ ਵੱਲੋਂ ਦਿਨ ਛਿਪਣ ਵੇਲੇ ਰਾਵਣ, ਮੇਘਨਾਦ ਤੇ ਕੁਂੰਭਕਰਨ ਦੇ ਲੱਖਾਂ ਰੁਪਏ ਖਰਚ ਕੇ ਆਤਿਸ਼ਬਾਜ਼ੀ ਨਾਲ ਬਣਾਏ ਹੋਏ ਪੁਤਲਿਆਂ ਨੂੰ ਅੱਗ ਲਗਾਈ ਗਈ। ਦਸਹਿਰੇ ਦੀਆਂ ਝਾਕੀਆਂ ਦੇਖਣ ਲਈ ਪਹੁੰਚੇ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਇਸੇ ਦੌਰਾਨ ਕਈ ਉਭਰਦੇ ਗਾਇਕਾਂ ਨੇ ਆਪੋ ਆਪਣੇ ਗੀਤ ਪੇਸ਼ ਕਰਦਿਆਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਸਮਾਜ ਸੇਵੀ ਤੇ ਭਾਜਪਾ ਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਰਵੀ ਸ਼ਰਮਾ ਮੁੱਲਾਂਪੁਰ ਗਰੀਬਦਾਸ, ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਤੇ ਸਤਵੀਰ ਸਿੰਘ ਸੱਤੀ, ਕਾਂਗਰਸ ਪਾਰਟੀ ਦੇ ਹਲਕਾ ਖਰੜ੍ਹ ਤੋਂ ਇੰਚਾਰਜ਼ ਵਿਜੇ ਕੁਮਾਰ ਟਿੰਕੂ ਸ਼ਰਮਾ,ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ ਜਸਪਾਲ ਸਿੰਘ ਪਾਲਾ ਮੁੱਲਾਂਪੁਰ ਗਰੀਬਦਾਸ ਤੇ ਜਗਦੀਪ ਸਿੰਘ ਜੱਗੀ ਕਾਦੀਮਾਜਰਾ, ਨੇ ਸ਼ਿਰਕਤ ਕੀਤੀ ਗਈ।
ਮੇਅਰ ਵੱਲੋਂ ਸੈਕਟਰ 24, 27 ਤੇ 29 ਦੇ ਸਮਾਗਮਾਂ ’ਚ ਸ਼ਿਰਕਤ
ਚੰਡੀਗੜ੍ਹ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੈਕਟਰ 38 (ਡੱਡੂਮਾਜਰਾ), ਸੈਕਟਰ 44 ਅਤੇ 49 ਵਿੱਚ ਕਰਵਾਏ ਗਏ ਦਸਹਿਰਾ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਾਵਣ ਦੇ ਪੁਤਲੇ ਨੂੰ ਅੱਗ ਵੀ ਲਗਾਈ। ਨਗਰ ਨਿਗਮ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਆਪਣੇ ਪਤੀ ਸਾਬਕਾ ਕੌਂਸਲਰ ਦਵਿੰਦਰ ਬਬਲਾ ਨਾਲ ਸੈਕਟਰ 24, 27 ਅਤੇ ਸੈਕਟਰ 29 ਦੇ ਦਸਹਿਰਾ ਸਮਾਗਮਾਂ ਵਿੱਚ ਸ਼ਿਰਕਤ ਕੀਤੀ।
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਸੰਜੈ ਟੰਡਨ ਨੇ ਮਲੋਆ, ਧਨਾਸ ਅਤੇ ਸੈਕਟਰ 24 ਸਣੇ ਹੋਰ ਕਈ ਥਾਵਾਂ ’ਤੇ ਦਸਹਿਰਾ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਚੰਡੀਗੜ੍ਹ ਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ।
ਬੁਰਾਈ ’ਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਹੈ ਦਸਹਿਰਾ: ਵਿੱਜ
ਅੰਬਾਲਾ (ਪੱਤਰ ਪ੍ਰੇਰਕ): ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਛਾਉਣੀ ਵਿੱਚ ਰੇਲਵੇ ਕਲੋਨੀ, ਤੋਪਖਾਨਾ ਬਾਜ਼ਾਰ, ਦਸਹਿਰਾ ਗਰਾਊਂਡ ਅਤੇ ਸ਼ਾਸਤਰੀ ਕਲੋਨੀ ਵਿੱਚ ਕਰਵਾਏ ਦਸਹਿਰਾ ਸਮਾਗਮਾਂ ਉਤਸਵਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਵਿਜੈਦਸ਼ਮੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਪੁਰਾਣੀ ਪਰੰਪਰਾ ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਐਲਾਨ ਕੀਤਾ ਕਿ ਰੇਲਵੇ ਰੋਡ ਨਾਚਘਰ ਦਸ਼ਹਿਰਾ ਕਮੇਟੀ ਅਤੇ ਸ੍ਰੀ ਰਾਮਲੀਲਾ ਨਾਟਕ ਸਮਾਜ ਤੋਪਖਾਨਾ ਕਮੇਟੀ ਨੂੰ 5-5 ਲੱਖ ਰੁਪਏ ਅਤੇ ਬਜਾਜਾ ਬਾਜ਼ਾਰ ਦੀ ਰਾਮਲੀਲਾ ਕਮੇਟੀ ਨੂੰ 10 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਭਾਵੇਂ ਬਾਰਿਸ਼ ਹੋਈ ਪਰ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ। ਵੱਖ-ਵੱਖ ਸਥਾਨਾਂ ’ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜ ਕੇ ਭਗਵਾਨ ਰਾਮ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਸੀਈਓ ਕੈਂਟ ਬੋਰਡ ਰਾਹੁਲ ਆਨੰਦ, ਅਜੈ ਬਵੇਜਾ, ਰਵੀ ਬੁੱਧੀਰਾਜਾ, ਸੰਜੀਵ ਜਿੰਦਲ, ਕੈਲਾਸ਼ ਧੀਰ, ਸਦੀਪ ਜਿੰਦਲ ਸਮੇਤ ਕਈ ਪਤਵੰਤੇ ਹਾਜ਼ਰ ਸਨ।