ਭਾਰੀ ਮੀਂਹ ਕਾਰਨ ਚੰਡੀਗੜ੍ਹ ਜਲ-ਥਲ
ਇੱਥੇ ਅੱਜ ਬਾਅਦ ਦੁਪਹਿਰ ਇਕਦਮ ਮੌਸਮ ਬਦਲ ਗਿਆ ਤੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਇਹ ਮੀਂਹ ਇਵੇਂ ਪਿਆ ਜਿਵੇਂ ਚੰਡੀਗੜ੍ਹ ਦੇ ਇਕ ਹਿੱਸੇ ਵਿੱਚ ਬੱਦਲ ਫੱਟ ਗਿਆ ਹੋਵੇ। ਜਦੋਂ ਕਿ ਸ਼ਹਿਰ ਦਾ ਜ਼ਿਆਦਾਤਰ ਹਿੱਸੇ ਸੁੱਕਾ ਹੀ ਰਿਹਾ। ਮੀਂਹ ਨੇ ਕੁਝ ਸਮੇਂ ਵਿੱਚ ਹੀ ਸ਼ਹਿਰ ਦੀਆਂ ਸੜਕਾਂ ਜਲ-ਥਲ ਕਰ ਦਿੱਤੀਆਂ। ਇਸ ਦੌਰਾਨ ਸ਼ਹਿਰ ਦੀਆਂ ਸੜਕਾਂ ’ਤੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਗਿਆ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਰਕੇ ਸ਼ਹਿਰ ਵਿੱਚ ਆਵਾਜਾਈ ਠੱਪ ਹੋ ਗਈ, ਲੋਕਾਂ ਦੇ ਵਾਹਨ ਵੀ ਸੜਕਾਂ ਵਿਚਕਾਰ ਹੀ ਬੰਦ ਹੋ ਗਏ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਕੁਝ ਸਮੇਂ ਵਿੱਚ ਹੀ ਸ਼ਹਿਰ ਵਿੱਚ 35 ਐੱਮਐੱਮ ਮੀਂਹ ਪਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਸ਼ਹਿਰ ਵਿੱਚ 20 ਤੇ 21 ਅਗਸਤ ਨੂੰ ਬੱਦਲਵਾਈ ਰਹਿਣ ਅਤੇ 22, 23 ਤੇ 24 ਅਗਸਤ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ, ਪੰਜਾਬ ਤੇ ਹਰਿਆਣਾ ਸਿਵਲ ਸਕੱਤਰੇਤ, ਪੰਜਾਬ ਯੂਨੀਵਰਸਿਟੀ, ਪੀਜੀਆਈ ਅਤੇ ਮੱਧ ਮਾਰਗ ਤੋਂ ਪਰਲੇ ਪਾਸੇ ਸਥਿਤ ਸੈਕਟਰ 2, 3, 4, 5, 8, 9, 10, 11 ਅਤੇ ਇਸ ਦੇ ਆਲੇ ਦੁਆਲੇ ਇਲਾਕੇ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ ਹਾਈਕੋਰਟ ਤੇ ਸਕੱਤਰੇਤ ਦੀ ਪਾਰਕਿੰਗ ਵਿੱਚ ਖੜ੍ਹੀਆਂ ਕਾਰਾਂ ਅੱਧੀਆਂ ਪਾਣੀ ਵਿਚ ਡੁੱਬ ਹਈਆਂ। ਰੋਜ਼ ਗਾਰਡਨ ਵਿੱਚ ਵੀ ਪਾਣੀ ਭਰ ਗਿਆ।
ਮੀਂਹ ਕਰਕੇ ਮੱਧ ਮਾਰਗ ਦੇ ਆਲੇ-ਦੁਆਲੇ ਇਲਾਕੇ ਵਿੱਚ ਜਾਮ ਵਰਗੇ ਹਾਲਾਤ ਬਣ ਗਏ। ਲੋਕਾਂ ਨੂੰ ਇਕ ਤੋਂ ਦੋ ਘੰਟੇ ਤੱਕ ਟਰੈਫ਼ਿਕ ਜਾਮ ਵਿੱਚ ਫਸਣ ਲਈ ਮਜਬੂਰ ਹੋਣਾ ਪਿਆ। ਦੂਜੇ ਪਾਸੇ ਚੰਡੀਗੜ੍ਹ, ਜ਼ੀਰਕਪੁਰ ਅਤੇ ਮੁਹਾਲੀ ਦੇ ਨਾਲ ਲੱਗਦੇ ਸੈਕਟਰਾਂ ਵਿੱਚ ਕੁਝ ਥਾਵਾਂ ’ਤੇ ਹਲਕੀ ਕਿਣ-ਮਿਣ ਹੋਈ ਅਤੇ ਕਈ ਥਾਵਾਂ ’ਤੇ ਮੀਂਹ ਨਹੀਂ ਪਿਆ। ਇਨ੍ਹਾਂ ਇਲਾਕਿਆਂ ਵਿੱਚ ਕੁਝ ਸਮੇਂ ਲਈ ਬੱਦਲਵਾਈ ਜ਼ਰੂਰ ਹੋਈ ਸੀ ਪਰ ਉਸ ਤੋਂ ਬਾਅਦ ਧੁੱਪ ਖਿੜ ਗਈ।
ਸੁਖਨਾ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪਿਆ, ਦੋ ਫਲੱਡ ਗੇਟ ਖੋਲ੍ਹੇ
ਚੰਡੀਗੜ੍ਹ ਵਿੱਚ ਬਾਅਦ ਦੁਪਹਿਰ ਪਏ ਭਾਰੀ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 1163 ਫੁੱਟ ਤੋਂ ਟੱਪ ਕੇ 1163.11 ਫੁੱਟ ’ਤੇ ਪਹੁੰਚ ਗਿਆ। ਝੀਲ ਵਿੱਚ ਪਾਣੀ ਦਾ ਪੱਧਰ ਵੱਧਦਾ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਵੱਲੋਂ 3.30 ਵਜੇ ਦੇ ਕਰੀਬ ਇਕ ਫਲੱਡ ਗੇਟ ਨੂੰ 6 ਇੰਚ ਲਈ ਖੋਲ੍ਹ ਦਿੱਤਾ। ਇਸ ਤੋਂ ਕੁਝ ਸਮੇਂ ਬਾਅਦ ਹੀ ਦੂਜੀ ਫਲੱਡ ਨੂੰ ਤਿੰਨ ਇੰਚ ਲਈ ਖੋਲ੍ਹ ਦਿੱਤਾ ਹੈ। ਸੁਖਨਾ ਝੀਲ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਵਹਿਣ ਕਰਕੇ ਬਾਪੂਧਾਮ ਕਲੋਨੀ ਦੇ ਪਿਛਲੇ ਪਾਸਿਓ ਲੰਘਦਾ ਪੁਲ ਵੀ ਪਾਣੀ ਵਿੱਚ ਡੁੱਬ ਗਿਆ। ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹਣ ਕਰਕੇ ਸੁਖਨਾ ਚੋਅ ਵਿੱਚ ਪਾਣੀ ਦੀ ਆਮਦ ਇਕਦਮ ਵਧ ਗਈ ਹੈ, ਜਿਸ ਕਰਕੇ ਯੂਟੀ ਪ੍ਰਸ਼ਾਸਨ ਨੇ ਸੁਖਨਾ ਚੋਅ ਦੇ ਆਲੇ ਦੁਆਲੇ ਤੋਂ ਲੋਕਾਂ ਨੂੰ ਸੁਖਨਾ ਚੋਅ ਤੋਂ ਦੂਰ ਰੱਖਿਆ ਗਿਆ। ਹਾਲਾਂਕਿ ਝੀਲ ਵਿੱਚ ਪਾਣੀ ਦਾ ਪੱਧਰ ਘੱਟ ਕੇ 1162.80 ਫੁੱਟ ’ਤੇ ਪਹੁੰਚਣ ’ਤੇ ਪ੍ਰਸ਼ਾਸਨ ਨੇ ਰਾਤ ਨੂੰ 8 ਵਜੇ ਦੇ ਕਰੀਬ ਇਕ ਫਲੱਡ ਗੇਟ ਨੂੰ ਬੰਦ ਕਰ ਦਿੱਤਾ, ਜਦੋਂ ਇਕ ਫਲੱਡ ਗੇਟ ਖੁੱਲ੍ਹਾ ਸੀ।