ਖੂਨਦਾਨ ਵਿੱਚ ਚੰਡੀਗੜ੍ਹ ਅੱਵਲ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਜਨਰਲ ਸਿਹਤ ਸੇਵਾਵਾਂ ਡਾਇਰੈਕਟੋਰੇਟ ਦੇ ਬਲੱਡ ਟਰਾਂਸਫਿਊਜ਼ਨ ਸਰਵਿਸਿਜ਼ (ਬੀ ਟੀ ਐੱਸ) ਨੇ ਅੱਜ ਕੌਮੀ ਸਵੈ-ਇੱਛਤ ਖੂਨਦਾਨ ਦਿਵਸ ਮੌਕੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਨਵੀਂ ਦਿੱਲੀ ਵਿੱਚ ਪੁਰਸਕਾਰ ਸਮਾਰੋਹ ਕਰਵਾਇਆ। ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਚੰਡੀਗੜ੍ਹ ਸਾਲ 2024 ਵਿੱਚ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਭ ਤੋਂ ਵੱਧ ਸਵੈ-ਇੱਛਤ ਖੂਨਦਾਨ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਅੱਵਲ ਰਿਹਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਾਪਤੀ ਤਹਿਤ ਚੰਡੀਗੜ੍ਹ ਨੇ 858 ਕੈਂਪਾਂ ਦੇ ਟੀਚੇ ਦੇ ਮੁਕਾਬਲੇ 993 ਖੂਨਦਾਨ ਕੈਂਪ ਸਫਲਤਾਪੂਰਵਕ ਲਾਏ ਅਤੇ 100,000 ਯੂਨਿਟ ਦੇ ਟੀਚੇ ਦੀ ਥਾਂ ਕੁੱਲ 107,993 ਯੂਨਿਟ ਖੂਨ ਇਕੱਤਰ ਕੀਤਾ। ਇਸ ਵੇਲੇ ਚੰਡੀਗੜ੍ਹ ਵਿੱਚ ਚਾਰ ਲਾਇਸੈਂਸਸ਼ੁਦਾ ਬਲੱਡ ਸੈਂਟਰ ਕੰਮ ਕਰ ਰਹੇ ਹਨ, ਜੋ ਨਾ ਸਿਰਫ਼ ਚੰਡੀਗੜ੍ਹ ਦੇ ਲੋਕਾਂ ਨੂੰ ਸਗੋਂ ਗੁਆਂਢੀ ਸੂਬਿਆਂ ਨੂੰ ਵੀ ਸੇਵਾਵਾਂ ਦੇ ਰਹੇ ਹਨ। ਇਨ੍ਹਾਂ ਵਿੱਚ ਪੀ ਜੀ ਆਈ ਐੱਮ ਈ ਆਰ, ਜੀ ਐੱਮ ਸੀ ਐੱਚ-32, ਜੀ ਐੱਮ ਐੱਸ ਐੱਚ-16 ਦੇ ਬਲੱਡ ਬੈਂਕ ਅਤੇ ਰੋਟਰੀ ਐਂਡ ਬਲੱਡ ਬੈਂਕ ਸੁਸਾਇਟੀ ਰਿਸੋਰਸ ਸੈਂਟਰ-37 ਸ਼ਾਮਲ ਹਨ।
ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ, ਯੂਟੀ ਚੰਡੀਗੜ੍ਹ ਦੇ ਮੈਂਬਰ ਸਕੱਤਰ ਡਾ. ਸਦਭਾਵਨਾ ਪੰਡਿਤ ਨੇ ਕਿਹਾ ਕਿ ਇਹ ਪ੍ਰਾਪਤੀ ਸਿਹਤ ਸਕੱਤਰ ਦੀ ਯੋਗ ਅਗਵਾਈ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਦੇ ਮਾਰਗਦਰਸ਼ਨ ਹੇਠ ਸੰਭਵ ਹੋਈ ਹੈ। ਇਹ ਸਫਲਤਾ ਬਲੱਡ ਸੈਂਟਰ ਟੀਮਾਂ ਦੇ ਅਣਥੱਕ ਯਤਨਾਂ ਅਤੇ ਚੰਡੀਗੜ੍ਹ ਦੀਆਂ ਗ਼ੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਅਤੇ ਤਾਲਮੇਲ ਕਾਰਨ ਸੰਭਵ ਹੋਈ ਹੈ।