ਭਰਵੇਂ ਮੀਂਹ ਕਾਰਨ ਚੰਡੀਗੜ੍ਹ ਦੀਆਂ ਸੜਕਾਂ ਪਾਣੀ ’ਚ ਡੁੱਬੀਆਂ
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਸਵੇਰ ਤੋਂ ਹੁੰਮਸ ਭਰੀ ਗਰਮੀ ਪੈ ਰਹੀ ਸੀ ਪਰ ਦੁਪਹਿਰ ਕਰੀਬ 12 ਵਜੇ ਅਚਾਨਕ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਅਤੇ ਬੱਦਲਵਾਈ ਹੋ ਗਈ। ਇਸ ਤੋਂ ਬਾਅਦ ਇੱਕ ਵਜੇ ਦੇ ਕਰੀਬ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ, ਜੋ ਕਿ ਕੁਝ ਮਿੰਟਾਂ ਵਿੱਚ ਬਹੁਤ ਤੇਜ਼ ਹੋ ਗਿਆ। ਤੇਜ਼ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਸੀ ਪਰ ਸ਼ਹਿਰ ਦੀ ਰਫ਼ਤਾਰ ਮੱਠੀ ਕਰ ਸੀ। ਇਸ ਦੌਰਾਨ ਪੰਜਾਬ ਯੂਨੀਵਰਸਿਟੀ ਦੀਆਂ ਸੜਕਾਂ ’ਤੇ ਵੀ ਪਾਣੀ ਖੜਾ ਹੋ ਗਿਆ, ਜਿਸ ਕਰਕੇ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਅੱਜ ਸ਼ਹਿਰ ਵਿੱਚ ਕਾਮਨ ਐਲਿਜੀਬਲਿਟੀ ਟੈਸਟ ਹੋਣ ਕਰਕੇ ਉਮੀਦਵਾਰਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਚੰਡੀਗੜ੍ਹ ਵਿੱਚ ਮੀਂਹ ਪੈਣ ਤੋਂ ਬਾਅਦ ਮੌਸਮ ਖੁਸ਼ਗਵਾਰ ਹੋ ਗਿਆ ਹੈ। ਮੌਸਮ ਖੁਸ਼ਗਵਾਰ ਹੋਣ ਕਰਕੇ ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ, ਰੌਕ ਗਾਰਡਨ ਤੇ ਰੋਜ਼ ਗਾਰਡਨ ਵਿੱਚ ਪਹੁੰਚ ਕੇ ਮੌਸਮ ਦਾ ਆਨੰਦ ਮਾਣ ਰਹੇ ਸਨ। ਸੁਖਨਾ ਝੀਲ ਨੇੜੇ ਲੋਕਾਂ ਦੀ ਭਾਰੀ ਭੀੜ ਨੂੰ ਦੇਖਦਿਆਂ ਟਰੈਫ਼ਿਕ ਪੁਲੀਸ ਨੇ ਕੁਝ ਸਮੇਂ ਲਈ ਵਾਹਨਾਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਗਈ। ਇਸ ਦੌਰਾਨ ਲੋਕਾਂ ਨੂੰ ਸੁਖਨਾ ਝੀਲ ਤੋਂ ਇਕ ਕਿਲੋਮੀਟਰ ਦੂਰ ਹੀ ਆਪਣੇ ਵਾਹਨ ਖੜੇ ਕਰਨੇ ਪੈ ਰਹੇ ਸਨ।