ਚੰਡੀਗੜ੍ਹ ਵਾਸੀਆਂ ਨੂੰ ਮਿਲੇ ਪੰਜ ਨਵੇਂ ਸੰਪਰਕ ਕੇਂਦਰ
ਸਿਟੀ ਬਿਊਟੀਫੁੱਲ ਦੇ ਲੋਕਾਂ ਨੂੰ ਘਰ ਦੇ ਨਜ਼ਦੀਕ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਨੂੰ ਇਕੋਂ ਥਾਂ ਮੁਹੱਈਆ ਕਰਵਾਉਣ ਲਈ ਅੱਜ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਸ਼ਹਿਰ ਵਿੱਚ ਪੰਜ ਨਵੇਂ ਸੰਪਰਕ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ। ਇਹ ਨਵੇਂ ਸੰਪਰਕ ਕੇਂਦਰ ਸੈਕਟਰ-30, 44, 52, 55 ਅਤੇ ਕਜਹੇੜੀ ਵਿੱਚ ਸਥਾਪਤ ਕੀਤੇ ਗਏ ਹਨ। ਇਨ੍ਹਾਂ ਸੰਪਰਕ ਕੇਂਦਰਾਂ ਤੋਂ ਲੋਕਾਂ ਨੂੰ ਈ-ਸਟੈਂਪਿੰਗ, ਬਿਜਲੀ ਤੇ ਪਾਣੀ ਦੇ ਬਿਲਾਂ ਦਾ ਭੁਗਤਾਨ, ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਬੰਧਤ ਸੇਵਾਵਾਂ ਸਣੇ 122 ਸੇਵਾਵਾਂ ਦਾ ਲਾਭ ਮਿਲ ਸਕੇਗਾ। ਇਸ ਮੌਕੇ ਚੰਡੀਗੜ੍ਹ ਦੇ ਨਵੇਂ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ, ਸਕੱਤਰ ਸੂਚਨਾ ਤਕਨੀਕ ਹਰੀ ਕਲਿੱਕਟ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਸ੍ਰੀ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਖੋਲ੍ਹੇ ਗਏ ਸੰਪਰਕ ਕੇਂਦਰ ਸਰਕਾਰ ਅਤੇ ਲੋਕਾਂ ਦੇ ਦਰਮਿਆਨ ਇੱਕ ਪੁਲ ਦਾ ਕੰਮ ਕਰਦੇ ਹਨ। ਇਨ੍ਹਾਂ ਦਾ ਮੁੱਖ ਉਦੇਸ਼ ਸ਼ਹਿਰ ਦੇ ਲੋਕਾਂ ਨੂੰ ਘਰ ਦੇ ਨੇੜੇ ਹੀ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਸੰਪਰਕ ਕੇਂਦਰਾਂ ਦੀ ਸ਼ੁਰੂਆਤ ਸਾਲ 2004 ਵਿੱਚ ਇਕ ਕੇਂਦਰ ਤੋਂ ਕੀਤੀ ਗਈ ਸੀ, ਅੱਜ ਸ਼ਹਿਰ ਵਿੱਚ 50 ਸੰਪਰਕ ਕੇਂਦਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੰਪਰਕ ਪ੍ਰਾਜੈਕਟ ਰਾਹੀਂ ਸ਼ਹਿਰ ਦੇ 200 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਨੇ ਕਿਹਾ ਕਿ ਪ੍ਰਸ਼ਾਸਨ ਇਨੋਵੇਸ਼ਨ ਅਤੇ ਨਾਗਰਿਕਾਂ ਦੀਆਂ ਅਸਲ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਮਾਡਲ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹੈ। ਸੂਚਨਾ ਤਕਨੀਕ ਵਿਭਾਗ ਦੇ ਸਕੱਤਰ ਹਰੀ ਕਲਿੱਕਟ ਨੇ ਕਿਹਾ ਕਿ ਇਨ੍ਹਾਂ ਨਵੇਂ ਕੇਂਦਰਾਂ ਨਾਲ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।