ਚੰਡੀਗੜ੍ਹ ਪੁਲੀਸ ਦੇ ਕਾਂਸਟੇਬਲ ਨੇ ਫਾਹਾ ਲਿਆ
ਪੁਲੀਸ ਲਾਈਨ ਵਿਚਲੀ ਰਿਹਾਇਸ਼ ’ਚ ਖ਼ੁਦਕੁਸ਼ੀ ਕੀਤੀ; ਪੁਲੀਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜੂਨ
ਚੰਡੀਗੜ੍ਹ ਪੁਲੀਸ ਵਿਚ ਕਾਂਸਟੇਬਲ ਪਰਮਜੀਤ ਸਿੰਘ (54) ਨੇ ਇਥੇ ਸੈਕਟਰ 26 ਵਿਚ ਪੁਲੀਸ ਲਾਈਨ ਵਿਚਲੀ ਆਪਣੀ ਰਿਹਾਇਸ਼ ’ਚ ਖੁਦਕੁਸ਼ੀ ਕਰ ਲਈ ਹੈ। ਇਹ ਘਟਨਾ ਵੀਰਵਾਰ ਰਾਤ ਦੀ ਦੱਸੀ ਜਾਂਦੀ ਹੈ। ਸਿੰਘ, ਜੋ ਸਾਬਕਾ ਫੌਜੀ ਸੀ, ਪੁਲੀਸ ਬੈਂਡ ਯੂਨਿਟ ਵਿਚ ਤਾਇਨਾਤ ਸੀ।
ਪੁਲੀਸ ਅਧਿਕਾਰੀਆਂ ਮੁਤਾਬਕ ਸਿੰਘ ਸੈਕਟਰ 32 ਦੇ ਨਿੱਜੀ ਹਸਪਤਾਲ ਵਿੱਚ ਡਿਪਰੈਸ਼ਨ ਦਾ ਇਲਾਜ ਕਰਵਾ ਰਿਹਾ ਸੀ। ਤਫ਼ਤੀਸ਼ਕਾਰਾਂ ਨੇ ਪੁਸ਼ਟੀ ਕੀਤੀ ਕਿ ਉਸ ਨੇ ਆਪਣੇ ਸਰਕਾਰੀ ਕੁਆਰਟਰ ਦੇ ਸਟੋਰਰੂਮ ਵਿੱਚ ਪਾਈਪ ਨਾਲ ਲਟਕ ਕੇ ਫਾਹਾ ਲੈ ਲਿਆ। ਪੁਲੀਸ ਨੂੰ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।
ਇਹ ਘਟਨਾ ਸ਼ੁੱਕਰਵਾਰ ਸਵੇਰੇ ਉਦੋਂ ਸਾਹਮਣੇ ਆਈ ਜਦੋਂ ਸਿੰਘ ਦੀ ਪਤਨੀ ਨੇ ਦੇਖਿਆ ਕਿ ਉਹ ਆਪਣੇ ਕਮਰੇ ਵਿੱਚ ਨਹੀਂ ਹੈ। ਘਰ ਦੀ ਤਲਾਸ਼ੀ ਲੈਣ ’ਤੇ ਉਸ ਨੇ ਪਰਮਜੀਤ ਦੀ ਲਾਸ਼ ਸਟੋਰਰੂਮ ਵਿੱਚ ਲਟਕਦੀ ਵੇਖੀ ਅਤੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਕੇਸ ਦਰਜ ਕਰਕੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਉਹ ਡਿਪਰੈਸ਼ਨ ਦਾ ਇਲਾਜ ਕਰਵਾ ਰਿਹਾ ਸੀ ਅਤੇ ਮੁੱਢਲੀ ਜਾਂਚ ਤੋਂ ਇਹ ਸਪੱਸ਼ਟ ਤੌਰ ’ਤੇ ਖੁਦਕੁਸ਼ੀ ਦਾ ਮਾਮਲਾ ਸੀ।’’ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ, ਪਰ ਨਿਯਮਤ ਪੁੱਛਗਿੱਛ ਅਜੇ ਜਾਰੀ ਹੈ।