ਚੰਡੀਗੜ੍ਹ ਕਿੰਗਜ਼ ਨੇ ਜਿੱਤਿਆ ਸੀ ਪੀ ਐੱਲ ਖ਼ਿਤਾਬ
ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਦੇ ਹੋਏ ਸਟਰਾਇਕਰਜ਼ ਨੇ ਸ਼ੁਰੂਆਤੀ ਚੜ੍ਹਤ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਆਰੁਸ਼ ਭੰਡਾਰੀ ਦੀ ਤਾਬੜਤੋੜ 20 ਗੇਂਦਾਂ ’ਤੇ 36 ਰਨਾਂ ਦੀ ਪਾਰੀ ਨੇ ਕਿੰਗਜ਼ ਨੂੰ ਵਧੀਆ ਸ਼ੁਰੂਆਤ ਦਿੱਤੀ। ਕਪਤਾਨ ਸ਼ਿਵਮ ਭਾਂਬਰੀ ਦੇ ਜਲਦੀ ਆਉਟ ਹੋਣ ਦੇ ਬਾਵਜੂਦ, ਮਿਡਲ ਆਰਡਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸੰਯਮ ਸੈਣੀ ਨੇ 31 ਗੇਂਦਾਂ ’ਤੇ 46 ਰਨਾਂ ਦੀ ਜੁਝਾਰੂ ਪਾਰੀ ਖੇਡੀ, ਜਦਕਿ ਕੁਨਾਲ ਮਹਾਜਨ ਨੇ 22 ਗੇਂਦਾਂ ’ਤੇ 31 ਰਨ ਜੋੜ ਕੇ ਟੀਮ ਦੀ ਰਫ਼ਤਾਰ ਬਣਾਈ ਰੱਖੀ। ਹਾਲਾਂਕਿ ਸਲਾਗ ਓਵਰਾਂ ਵਿੱਚ ਲਗਾਤਾਰ ਵਿਕਟਾਂ ਡਿੱਗਣ ਕਾਰਨ ਕਿੰਗਜ਼ ਦੀ ਪਾਰੀ 19.4 ਓਵਰ ਵਿੱਚ 162 ਰਨਾਂ ’ਤੇ ਸਿਮਟ ਗਈ। ਸਟਰਾਇਕਰਜ਼ ਵਲੋਂ ਜਸਕੀਰਤ ਸਿੰਘ ਮਹਿਰਾ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ 22 ਰਨਾਂ ’ਤੇ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਵਿਵੇਕ ਵਸ਼ਿਸ਼ਟ ਅਤੇ ਸਾਹਿਲ ਕੁਮਾਰ ਨੇ ਦੋ-ਦੋ ਵਿਕਟਾਂ ਲਈਆਂ।
163 ਰਨਾਂ ਦੀ ਪੂਰਤੀ ਕਰਨ ਦੇ ਯਤਨਾਂ ਵਿੱਚ ਜੁਟੀ ਸਟਰਾਇਕਰਜ਼ ਦੀ ਟੀਮ ਨੂੰ ਅਰਜੁਨ ਆਜ਼ਾਦ ਦੀ 22 ਗੇਂਦਾਂ ’ਤੇ 44 ਰਨਾਂ ਦੀ ਧਮਾਕੇਦਾਰ ਪਾਰੀ ਨਾਲ ਸ਼ਾਨਦਾਰ ਸ਼ੁਰੂਆਤ ਮਿਲੀ ਪਰ ਕਪਤਾਨ ਸ਼ਿਵਮ ਭਾਂਬਰੀ ਨੇ ਗੇਂਦਬਾਜ਼ੀ ਵਿੱਚ ਆਉਂਦਿਆਂ ਹੀ ਮੈਚ ਦਾ ਰੁਖ ਬਦਲ ਦਿੱਤਾ। ਉਨ੍ਹਾਂ ਨੇ 26 ਰਨ ਦੇ ਕੇ 4 ਮਹੱਤਵਪੂਰਨ ਵਿਕਟਾਂ ਲਈਆਂ, ਜਿਸ ਵਿੱਚ ਨਿਪੁਣ ਸ਼ਾਰਦਾ (42 ਰਨ, 35 ਗੇਂਦਾਂ) ਵੀ ਸ਼ਾਮਲ ਸਨ। ਨਿਯਮਿਤ ਅੰਤਰਾਲ ’ਤੇ ਵਿਕਟਾਂ ਡਿੱਗਣ ਅਤੇ ਰੋਹਿਤ ਧਾਂਡਾ (3/27) ਦੀ ਘਾਤਕ ਗੇਂਦਬਾਜ਼ੀ ਨੇ ਸਟਰਾਇਕਰਜ਼ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ।
ਅੰਤ ਵਿੱਚ ਜਸਕੀਰਤ ਸਿੰਘ ਨੇ 13 ਗੇਂਦਾਂ ’ਤੇ ਨਾਟ ਆਊਟ 25 ਰਨਾਂ ਦੀ ਤੇਜ਼ ਪਾਰੀ ਖੇਡੀ, ਪਰ ਟੀਮ 20 ਓਵਰਾਂ ਵਿੱਚ 154/9 ਤੱਕ ਹੀ ਪਹੁੰਚ ਸਕੀ ਅਤੇ ਕਿੰਗਜ਼ ਨੇ 8 ਰਨਾਂ ਨਾਲ ਜਿੱਤ ਦਰਜ ਕੀਤੀ।
ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਰਾਜ ਸਭਾ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਵਿਸ਼ੇਸ਼ ਮਹਿਮਾਨ ਯੂ.ਟੀ. ਦੇ ਮੁੱਖ ਸਕੱਤਰ ਰਾਜੀਵ ਵਰਮਾ (ਆਈ.ਏ.ਐੱਸ.) ਨੇ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਯੂਟੀ ਕ੍ਰਿਕਟ ਅਸੋਸੀਏਸ਼ਨ ਦੇ ਪ੍ਰਧਾਨ ਸੰਜੇ ਟੰਡਨ, ਖੇਡ ਸਕੱਤਰ ਪ੍ਰੇਰਨਾ ਪੁਰੀ, ਖੇਡ ਡਾਇਰੈਕਟਰ ਸੌਰਭ ਅਰੋੜਾ ਸਮੇਤ ਕਈ ਸਖ਼ਸੀਅਤਾਂ ਮੌਜੂਦ ਸਨ।
ਚੰਡੀਗੜ੍ਹ ਕਿੰਗਜ਼ ਦੇ ਮਾਲਕ ਅਜੈ ਚੌਧਰੀ ਨੇ ਆਪਣੀ ਜੇਤੂ ਟੀਮ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ।
ਆਪਣੇ ਸੰਬੋਧਨ ਵਿੱਚ ਸੰਜੇ ਟੰਡਨ ਨੇ ਲੀਗ ਦੇ ਸਫ਼ਲ ਆਯੋਜਨ ’ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨੇ ਸ਼ਹਿਰ ਦੇ ਕ੍ਰਿਕਟ ਲਈ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ ਅਤੇ ਸੀ.ਪੀ.ਐੱਲ. ਨੂੰ ਰਾਸ਼ਟਰੀ ਪੱਧਰ ’ਤੇ ਪਹਿਚਾਣ ਦਿਵਾਈ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਪਰੰਪਰਾ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ, ਜਿਸ ਨਾਲ ਯੂਟੀਸੀਆ ਖਿਡਾਰੀਆਂ ਨੂੰ ਨਿਖਾਰ ਕੇ ਉਨ੍ਹਾਂ ਨੂੰ ਅਗਲੇ ਪੱਧਰ ਤੱਕ ਲਿਜਾਣ ਵਿੱਚ ਮੱਦਦ ਮਿਲੇਗੀ।